ਵਾਸ਼ਿੰਗਟਨ: ਸਿਖਰਲੇ ਅਮਰੀਕੀ ਸੈਨੇਟਰ ਨੇ ਕਿਹਾ ਹੈ ਕਿ ਭਾਰਤ ਨੇ ਰੂਸ ’ਤੇ ਫ਼ੌਜੀ ਸਾਜ਼ੋ-ਸਾਮਾਨ ਦੀ ਖਰੀਦ ਨਾਲ ਜੁੜੀ ਨਿਰਭਰਤਾ ਨੂੰ ਘਟਾਉਣ ਲਈ ਅਸਰਦਾਰ ਪੇਸ਼ਕਦਮੀ ਕੀਤੀ ਹੈ। ਸਿਖਰਲੇ ਰਿਪਬਲਿਕਨ ਆਗੂ ਤੇ ਸੈਨੇਟਰ ਜੌਹਨ ਕੌਰਨਾਇਨ ਨੇ ਲੰਘੇ ਦਿਨ ਰਾਸ਼ਟਰਪਤੀ ਜੋਅ ਬਾਇਡਨ ਨੂੰ ਅਪੀਲ ਕੀਤੀ ਸੀ ਕਿ ਜ਼ਮੀਨ ਤੋਂ ਹਵਾ ਤੱਕ ਮਾਰ ਕਰਨ ਵਾਲੀਆਂ ਐੱਸ-400 ਮਿਜ਼ਾਈਲਾਂ ਰੂਸ ਤੋਂ ਖਰੀਦਣ ਬਦਲੇ ਸੀਏਏਟੀਐੱਸ ਐਕਟ ਤਹਿਤ ਪਾਬੰਦੀਆਂ ਨਾ ਲਾਈਆਂ ਜਾਣ। ਕੌਰਨਾਇਨ ਨੇ ਕਿਹਾ, ‘‘ਅਸੀਂ ਜਾਣਦੇ ਹਾਂ ਕਿ ਭਾਰਤ ਇਕ ਜ਼ਿੰਮੇਵਾਰ ਮੁਲਕ ਹੈ। ਭਾਰਤ ਤੇ ਅਮਰੀਕਾ ਦੇ ਸਾਂਝੇ ਹਿੱਤਾਂ ਵਿੱਚ ਤੇਜ਼ੀ ਨਾਲ ਇਜ਼ਾਫ਼ਾ ਹੋਇਆ ਹੈ। ਜੇਕਰ ਇਸ ਦੋਸਤੀ ਦੇ ਆਰਥਿਕ ਫਾਇਦੇ ਹਨ ਤਾਂ ਫੌਜੀ ਤੇ ਸੁਰੱਖਿਆ ਤਾਲਮੇਲ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ। ਸਾਲ 2016 ਤੋਂ ਭਾਰਤ, ਅਮਰੀਕਾ ਦਾ ਅਹਿਮ ਰੱਖਿਆ ਭਾਈਵਾਲ ਹੈ।’’ ਅਮਰੀਕੀ ਸੈਨੇਟਰ ਨੇ ਕਿਹਾ ਕਿ ਐੱਸ-400 ਮਿਜ਼ਾਈਲ ਸਿਸਟਮ ਦੀ ਖਰੀਦ ਨੂੰ ਲੈ ਕੇ ਭਾਰਤ ’ਤੇ ਪਾਬੰਦੀਆਂ ਲਾਉਣਾ ਭਾਰਤ-ਅਮਰੀਕਾ ਦੋੋਸਤੀ ਲਈ ਸਭ ਤੋਂ ਵੱਡੀ ਵੰਗਾਰ ਹੈ। ਕੌਰਨਾਇਨ ਨੇ ਕਿਹਾ, ‘‘ਪਰ ਮੇਰਾ ਮੰਨਣਾ ਹੈ ਕਿ ਭਾਰਤ ਨੇ ਰੂਸ ’ਤੇ ਫੌਜੀ ਨਿਰਭਰਤਾ ਘਟਾਉਣ ਲਈ ਅਸਰਦਾਰ ਕਦਮ ਪੁੱਟੇ ਹਨ।’’ -ਪੀਟੀਆਈ