ਮੁੱਖ ਅੰਸ਼
- ਪੂਰਬੀ ਲੱਦਾਖ ਦੇ ਮਾਮਲੇ ’ਤੇ ਹੋਈ ਵਾਰਤਾ ਬੇਸਿੱਟਾ ਰਹਿਣ ਮਗਰੋਂ ਚੀਨ ਦੀ ਫ਼ੌਜ ਦਾ ਬਿਆਨ
- ਭਾਰਤ ਦੋਵਾਂ ਦੇਸ਼ਾਂ ਦੀਆਂ ਸੈਨਾਵਾਂ ਵਿਚਾਲੇ ਪਹਿਲਾਂ ਬਣੀ ਸਹਿਮਤੀ ਦਾ ਪਾਲਣ ਕਰਦਿਆਂ ਅੱਗੇ ਵਧੇ: ਪੀਐਲਏ
ਪੇਈਚਿੰਗ, 11 ਅਪਰੈਲ
ਪੂਰਬੀ ਲੱਦਾਖ ਦੇ ਬਾਕੀ ਇਲਾਕਿਆਂ ਵਿਚੋਂ ਸੈਨਿਕਾਂ ਦੀ ਵਾਪਸੀ ’ਤੇ ਭਾਰਤ ਤੇ ਚੀਨ ਦਰਮਿਆਨ ਹੋਈ ਨਵੇਂ ਗੇੜ ਦੀ ਵਾਰਤਾ ਵਿਚ ਸਫ਼ਲਤਾ ਨਾ ਮਿਲਣ ਤੋਂ ਬਾਅਦ ਚੀਨ ਨੇ ਕਿਹਾ ਹੈ ਕਿ ਭਾਰਤ ਨੂੰ ਸਰਹੱਦ ਉਤੇ ਤਣਾਅ ਘਟਾਉਣ ਲਈ ‘ਮੌਜੂਦਾ ਸਕਾਰਾਤਮਕ ਮਾਹੌਲ’ ਦਾ ਲਾਭ ਉਠਾਉਣਾ ਚਾਹੀਦਾ ਹੈ। ਦੋਵਾਂ ਦੇਸ਼ਾਂ ਵਿਚਾਲੇ 13 ਘੰਟੇ ਚੱਲੀ ਗਿਆਰ੍ਹਵੇਂ ਗੇੜ ਦੀ ਫ਼ੌਜੀ ਵਾਰਤਾ ਤੋਂ ਇਕ ਦਿਨ ਬਾਅਦ ਸ਼ਨਿਚਰਵਾਰ ਭਾਰਤੀ ਸੈਨਾ ਨੇ ਇਕ ਬਿਆਨ ਵਿਚ ਕਿਹਾ ਸੀ ਕਿ ਦੋਵਾਂ ਧਿਰਾਂ ਨੇ ਪੂਰਬੀ ਲੱਦਾਖ ਵਿਚ ਹੌਟ ਸਪਰਿੰਗਜ਼, ਗੋਗਰਾ ਤੇ ਦੇਪਸਾਂਗ ਵਿਚ ਟਕਰਾਅ ਵਾਲੇ ਬਾਕੀ ਇਲਾਕਿਆਂ ’ਚੋਂ ਸੈਨਿਕਾਂ ਦੀ ਵਾਪਸੀ ਬਾਰੇ ਵਿਸਤਾਰ ਵਿਚ ਚਰਚਾ ਕੀਤੀ ਹੈ। ਇਸ ਤੋਂ ਇਲਾਵਾ ਜ਼ਮੀਨ ’ਤੇ ਸ਼ਾਂਤੀ ਬਣਾਏ ਰੱਖਣ ਲਈ, ਕਿਸੇ ਵੀ ਨਵੇਂ ਟਕਰਾਅ ਤੋਂ ਬਚਣ ਲਈ ਤੇ ਬਾਕੀ ਮੁੱਦਿਆਂ ਦਾ ‘ਜਲਦੀ ਹੱਲ’ ਕੱਢਣ ਬਾਰੇ ਵੀ ਦੋਵਾਂ ਧਿਰਾ ਵਿਚਾਲੇ ਸਹਿਮਤੀ ਬਣਨ ਬਾਰੇ ਕਿਹਾ ਗਿਆ ਸੀ। ਇਸ ਵਾਰਤਾ ਨਾਲ ਨੇੜਿਓਂ ਜੁੜੇ ਵਿਅਕਤੀਆਂ ਨੇ ਸ਼ਨਿਚਰਵਾਰ ਨਵੀਂ ਦਿੱਲੀ ਵਿਚ ਕਿਹਾ ਕਿ ਦੋਵਾਂ ਦੇਸ਼ਾਂ ਵਿਚਾਲੇ ਹੋਈ ਇਸ ਫ਼ੌਜੀ ਵਾਰਤਾ ਦਾ ਕੋਈ ਠੋਸ ਸਿੱਟਾ ਨਹੀਂ ਨਿਕਲਿਆ ਕਿਉਂਕਿ ਚੀਨ ਦਾ ਵਫ਼ਦ ‘ਪਹਿਲਾਂ ਤੋਂ ਤੈਅ ਸੋਚ ਨਾਲ’ ਵਾਰਤਾ ਵਿਚ ਸ਼ਾਮਲ ਹੋਇਆ ਤੇ ਸੰਘਰਸ਼ ਵਾਲੇ ਬਾਕੀ ਖੇਤਰਾਂ ਤੋਂ ਸੈਨਿਕਾਂ ਨੂੰ ਸੱਦਣ ਦੀ ਪ੍ਰਕਿਰਿਆ ’ਤੇ ਅੱਗੇ ਵਧਣ ਬਾਰੇ ਕੋਈ ਲਚੀਲਾਪਨ ਨਹੀਂ ਦਿਖਾਇਆ। ਚੀਨ ਦੀ ਪੀਪਲਜ਼ ਲਬਿਰੇਸ਼ਨ ਆਰਮੀ (ਪੀਐਲਏ) ਨੇ ਦੋਵਾਂ ਦੇਸ਼ਾਂ ਦਰਮਿਆਨ ਨੌਂ ਅਪਰੈਲ ਨੂੰ ਹੋਈ ਵਾਰਤਾ ਬਾਰੇ ਜਾਰੀ ਇਕ ਬਿਆਨ ਵਿਚ ਫਰਵਰੀ ’ਚ ਪੈਂਗੌਂਗ ਝੀਲ ਦੇ ਜ਼ਿਆਦਾਤਰ ਵਿਵਾਦਤ ਇਲਾਕਿਆਂ ਵਿਚੋਂ ਸੈਨਿਕਾਂ ਦੀ ਵਾਪਸੀ ਵੱਲ ਇਸ਼ਾਰਾ ਕਰਦੇ ਹੋਏ ਕਿਹਾ ਕਿ ਭਾਰਤ ਨੂੰ ਸੀਮਾ ਉਤੇ ਤਣਾਅ ਘੱਟ ਕਰਨ ਦੀ ਦਿਸ਼ਾ ਵਿਚ ਅੱਗੇ ਵਧਣਾ ਚਾਹੀਦਾ ਹੈ। ਅਸਲ ਕੰਟਰੋਲ ਰੇਖਾ (ਐਲਏਸੀ) ’ਤੇ ਭਾਰਤ ਵਾਲੇ ਪਾਸੇ ਚੁਸ਼ੂਲ ਸਰਹੱਦੀ ਕੇਂਦਰ ’ਤੇ ਹੋਈ ਵਾਰਤਾ ਬਾਰੇ ਇਕ ਬੁਲਾਰੇ ਵੱਲੋਂ ਜਾਰੀ ਬਿਆਨ ਦਾ ਹਵਾਲਾ ਦਿੰਦਿਆਂ ‘ਚਾਈਨਾ ਗਲੋਬਲ ਟੈਲੀਵਿਜ਼ਨ ਨੈੱਟਵਰਕ’ ਨੇ ਕਿਹਾ ਹੈ ਕਿ ਦੋਵਾਂ ਧਿਰਾਂ ਨੂੰ ਪਹਿਲਾਂ ਬਣੀ ਸਹਿਮਤੀ ’ਤੇ ਅੱਗੇ ਵਧਣਾ ਚਾਹੀਦਾ ਹੈ। ਪੀਐਲਏ ਦੀ ‘ਪੱਛਮੀ ਥੀਏਟਰ ਕਮਾਂਡ’ ਦੇ ਬੁਲਾਰੇ ਨੇ ਕਿਹਾ ‘ਸਾਨੂੰ ਉਮੀਦ ਹੈ ਕਿ ਭਾਰਤੀ ਧਿਰ ਦੋਵਾਂ ਦੇਸ਼ਾਂ ਦੀਆਂ ਸੈਨਾਵਾਂ ਵਿਚਾਲੇ ਪਹਿਲਾਂ ਹੋਈ ਵਾਰਤਾ ਵਿਚ ਬਣੀ ਸਹਿਮਤੀ ਦਾ ਪਾਲਣ ਕਰਦਿਆਂ ਸਰਹੱਦੀ ਖੇਤਰ ਵਿਚ ਤਣਾਅ ਘੱਟ ਕਰਨ ਲਈ ਬਣੇ ਮੌਜੂਦਾ ਸਕਾਰਾਤਮਕ ਮਾਹੌਲ ਦਾ ਲਾਭ ਉਠਾਏਗੀ। ਇਸ ਦੇ ਨਾਲ ਹੀ ਸਰਹੱਦ ਉਤੇ ਸ਼ਾਂਤੀ ਕਾਇਮ ਰੱਖਣ ਲਈ ਭਾਰਤ ਉਸੇ ਦਿਸ਼ਾ ਵਿਚ ਅੱਗੇ ਵਧੇਗਾ, ਜਿਸ ਦਿਸ਼ਾ ਵਿਚ ਚੀਨ ਵਧਿਆ ਹੈ।’ -ਪੀਟੀਆਈ