ਨਵੀਂ ਦਿੱਲੀ, 13 ਸਤੰਬਰ
ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਸੰਯੁਕਤ ਰਾਸ਼ਟਰ ਦੀ ਇੱਕ ਉੱਚ ਪੱਧਰੀ ਮੀਟਿੰਗ ਵਿਚ ਅੱਜ ਕਿਹਾ ਕਿ ਭਾਰਤ ਗੰਭੀਰ ਮਨੁੱਖੀ ਸੰਕਟ ਦਾ ਸਾਹਮਣਾ ਕਰ ਰਹੇ ਅਫ਼ਗਾਨਿਸਤਾਨ ਨਾਲ ਜਿਵੇਂ ਪਹਿਲਾਂ ਖੜ੍ਹਦਾ ਰਿਹਾ ਹੈ, ਓਵੇਂ ਹੁਣ ਵੀ ਖੜ੍ਹਾ ਹੈ। ਜੈਸ਼ੰਕਰ ਨੇ ਕਿਹਾ ਕਿ ਅਫ਼ਗਾਨਿਸਤਾਨ ‘ਗੰਭੀਰ ਚੁਣੌਤੀਆਂ’ ਵਿਚੋਂ ਗੁਜ਼ਰ ਰਿਹਾ ਹੈ ਤੇ ਕੌਮਾਂਤਰੀ ਭਾਈਚਾਰੇ ਨੂੰ ਇਸ ਦੀ ਮਦਦ ਕਰਨੀ ਚਾਹੀਦੀ ਹੈ। ਵਰਚੁਅਲ ਮੀਟਿੰਗ ਵਿਚ ਭਾਰਤੀ ਵਿਦੇਸ਼ ਮੰਤਰੀ ਨੇ ਕਿਹਾ ਕਿ ਸੰਯੁਕਤ ਰਾਸ਼ਟਰ ’ਚ ਅਫ਼ਗਾਨਿਸਤਾਨ ਲਈ ਭਾਰਤ ਨੇ ਹਮੇਸ਼ਾ ਕੇਂਦਰੀ ਭੂਮਿਕਾ ਅਦਾ ਕੀਤੀ ਹੈ। ਜੈਸ਼ੰਕਰ ਨੇ ਕਿਹਾ ਕਿ ਸੁਰੱਖਿਅਤ ਲਾਂਘਾ ਤੇ ਯਾਤਰਾ ਕੁਝ ਅਜਿਹੇ ਮੁੱਦੇ ਹਨ ਜੋ ਮਦਦ ਭੇਜਣ ਵਿਚ ਅੜਿੱਕਾ ਬਣ ਸਕਦੇ ਹਨ ਤੇ ਇਨ੍ਹਾਂ ਨੂੰ ਤੁਰੰਤ ਹੱਲ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਭਾਰਤ ਨੇ ਲਗਾਤਾਰ ਸਥਿਤੀ ’ਤੇ ਬਾਰੀਕੀ ਨਾਲ ਨਜ਼ਰ ਰੱਖੀ ਹੋਈ ਹੈ। –ਪੀਟੀਆਈ