ਸੰਯੁਕਤ ਰਾਸ਼ਟਰ/ਨਵੀਂ ਦਿੱਲੀ, 24 ਜੂਨ
ਭਾਰਤ ਨੇ ਭੁਚਾਲ ਨਾਲ ਝੰਬੇ ਅਫ਼ਗਾਨਿਸਤਾਨ ਦੇ ਲੋਕਾਂ ਨੂੰ ਹਰ ਸੰਭਵ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ। ਭਾਰਤ ਨੇ ਕਿਹਾ ਹੈ ਕਿ ਸੰਕਟ ਦੀ ਘੜੀ ’ਚ ਉਹ ਅਫ਼ਗਾਨਿਸਤਾਨ ਦੇ ਲੋਕਾਂ ਨੂੰ ਹਰ ਤਰ੍ਹਾਂ ਦੀ ਹਮਾਇਤ ਦੇਣ ਲਈ ਤਿਆਰ ਹੈ। ਭਾਰਤੀ ਵਿਦੇਸ਼ ਮੰਤਰਾਲੇ ਨੇ ਅਫ਼ਗਾਨ ਲੋਕਾਂ ਨਾਲ ਇਕਜੁੱਟਤਾ ਪ੍ਰਗਟਾਉਂਦਿਆਂ ਲੋੜੀਂਦੀ ਰਾਹਤ ਸਮੱਗਰੀ ਦੇਣ ਪ੍ਰਤੀ ਵਚਨਬੱਧਤਾ ਪ੍ਰਗਟਾਈ ਹੈ। ਉਨ੍ਹਾਂ ਦੱਸਿਆ ਕਿ ਭਾਰਤ ਨੇ ਪਹਿਲਾਂ ਹੀ ਦੋ ਉਡਾਣਾਂ ਰਾਹੀਂ 27 ਟਨ ਰਾਹਤ ਸਮੱਗਰੀ ਅਫ਼ਗਾਨਿਸਤਾਨ ਭੇਜ ਦਿੱਤੀ ਹੈ। ਉਧਰ ਅਫ਼ਗਾਨਿਸਤਾਨ ਬਾਰੇ ਸੁਰੱਖਿਆ ਕੌਂਸਲ ਦੀ ਮੀਟਿੰਗ ਦੌਰਾਨ ਸੰਯੁਕਤ ਰਾਸ਼ਟਰ ’ਚ ਭਾਰਤ ਦੇ ਸਥਾਈ ਨੁਮਾਇੰਦੇ ਟੀ ਐੱਸ ਤਿਰੂਮੂਰਤੀ ਨੇ ਭੁਚਾਲ ਕਾਰਨ ਮਾਰੇ ਗਏ ਲੋਕਾਂ ਦੇ ਪਰਿਵਾਰਕ ਮੈਂਬਰਾਂ ਨਾਲ ਹਮਦਰਦੀ ਜ਼ਾਹਿਰ ਕੀਤੀ। ਤਿਰੂਮੂਰਤੀ ਨੇ ਕਿਹਾ ਕਿ ਭਾਰਤ ਸੁਰੱਖਿਆ ਕੌਂਸਲ ਦੇ ਮਤੇ 2615 ਦੀ ਹਮਾਇਤ ਕਰਦਾ ਹੈ ਜਿਸ ’ਚ ਅਫ਼ਗਾਨਿਸਤਾਨ ਨੂੰ ਮਨੁੱਖੀ ਸਹਾਇਤਾ ਪ੍ਰਦਾਨ ਕਰਨ ਦੀ ਗੱਲ ਆਖੀ ਗਈ ਹੈ। ਸੁਰੱਖਿਆ ਕੌਂਸਲ ਵੱਲੋਂ ਇਸ ਗੱਲ ਦਾ ਵੀ ਧਿਆਨ ਰੱਖਿਆ ਜਾਵੇਗਾ ਕਿ ਅਫ਼ਗਾਨਿਸਤਾਨ ਨੂੰ ਦਿੱਤੇ ਜਾਣ ਵਾਲੇ ਫੰਡਾਂ ਦੀ ਕੋਈ ਦੁਰਵਰਤੋਂ ਨਾ ਹੋਵੇ। ਉਧਰ ਵਿਦੇਸ਼ ਮੰਤਰਾਲੇ ਦੇ ਤਰਜਮਾਨ ਅਰਿੰਦਮ ਬਾਗਚੀ ਨੇ ਟਵੀਟ ਕਰਕੇ ਦੱਸਿਆ ਕਿ ਭਾਰਤ ਦੀ ਪਹਿਲੀ ਰਾਹਤ ਖੇਪ ਕਾਬੁਲ ਪਹੁੰਚ ਗਈ ਹੈ ਅਤੇ ਹੋਰ ਰਾਹਤ ਸਮੱਗਰੀ ਵੀ ਭੇਜੀ ਜਾ ਰਹੀ ਹੈ। ਭਾਰਤ ਵੱਲੋਂ 30 ਹਜ਼ਾਰ ਮੀਟਰਿਕ ਟਨ ਕਣਕ, 13 ਟਨ ਦਵਾਈਆਂ, ਕੋਵਿਡ-19 ਵੈਕਸੀਨ ਦੀਆਂ 5 ਲੱਖ ਖੁਰਾਕਾਂ ਅਤੇ ਗਰਮ ਕੱਪੜੇ ਕਾਬੁਲ ’ਚ ਇੰਦਰਾ ਗਾਂਧੀ ਚਿਲਡਰਨਜ਼ ਹਸਪਤਾਲ, ਵਿਸ਼ਵ ਸਿਹਤ ਸੰਸਥਾ ਅਤੇ ਵਿਸ਼ਵ ਖੁਰਾਕ ਪ੍ਰੋਗਰਾਮ ਜਿਹੀਆਂ ਏਜੰਸੀਆਂ ਨੂੰ ਸੌਂਪੀ ਗਈ ਹੈ। ਭਾਰਤ ਵੱਲੋਂ ਕਣਕ ਦੀ ਢੁੱਕਵੀਂ ਵੰਡ ਲਈ ਵਿਸ਼ਵ ਖੁਰਾਕ ਪ੍ਰੋਗਰਾਮ ਨਾਲ ਸਮਝੌਤੇ ’ਤੇ ਦਸਤਖ਼ਤ ਕੀਤੇ ਗਏ ਹਨ। -ਪੀਟੀਆਈ
ਮ੍ਰਿਤਕਾਂ ਦੀ ਗਿਣਤੀ 1150 ਹੋਈ
ਗਯਾਨ: ਅਫ਼ਗਾਨਿਸਤਾਨ ’ਚ ਭੁਚਾਲ ਕਾਰਨ ਮਾਰੇ ਗਏ ਲੋਕਾਂ ਦੀ ਗਿਣਤੀ ਵਧ ਕੇ 1150 ਹੋ ਗਈ ਹੈ ਜਦਕਿ 1600 ਵਿਅਕਤੀ ਜ਼ਖ਼ਮੀ ਹੋਏ ਹਨ। ਗਯਾਨ ’ਚ ਕਰੀਬ ਇਕ ਹਜ਼ਾਰ ਘਰ ਤਬਾਹ ਹੋਏ ਹਨ। ਇਸੇ ਤਰ੍ਹਾਂ ਖੋਸਤ ਪ੍ਰਾਂਤ ਦੇ ਸਪੇਰਾ ਜ਼ਿਲ੍ਹੇ ’ਚ 800 ਹੋਰ ਘਰਾਂ ਨੂੰ ਨੁਕਸਾਨ ਪਹੁੰਚਿਆ ਹੈ। ਲੋਕ ਅਜੇ ਵੀ ਆਪਣੇ ਪਰਿਵਾਰਕ ਮੈਂਬਰਾਂ ਦੀ ਮਲਬੇ ’ਚ ਤਲਾਸ਼ ਕਰ ਰਹੇ ਹਨ। ਜਰਮਨੀ, ਨਾਰਵੇ ਅਤੇ ਹੋਰ ਕਈ ਮੁਲਕਾਂ ਨੇ ਐਲਾਨ ਕੀਤਾ ਹੈ ਕਿ ਉਹ ਅਫ਼ਗਾਨਿਸਤਾਨ ’ਚ ਸਹਾਇਤਾ ਭੇਜ ਰਹੇ ਹਨ ਪਰ ਇਹ ਸੰਯੁਕਤ ਰਾਸ਼ਟਰ ਦੀਆਂ ਏਜੰਸੀਆਂ ਰਾਹੀਂ ਵੰਡੀ ਜਾਵੇਗੀ ਕਿਉਂਕਿ ਕਿਸੇ ਵੀ ਮੁਲਕ ਨੇ ਤਾਲਿਬਾਨ ਸਰਕਾਰ ਨੂੰ ਅਜੇ ਤੱਕ ਮਾਨਤਾ ਨਹੀਂ ਦਿੱਤੀ ਹੈ। -ਏਪੀ
ਪੂਰਬੀ ਅਫ਼ਗਾਨਿਸਤਾਨ ’ਚ ਭੁਚਾਲ ਦੇ ਮੁੜ ਝਟਕੇ
ਗਯਾਨ: ਪੂਰਬੀ ਅਫ਼ਗਾਨਿਸਤਾਨ ਦੇ ਪਾਕਟਿਕਾ ਦੇ ਗਯਾਨ ਜ਼ਿਲ੍ਹੇ ’ਚ ਸ਼ੁੱਕਰਵਾਰ ਸਵੇਰੇ ਆਏ ਭੁਚਾਲ ਕਾਰਨ ਪੰਜ ਹੋਰ ਵਿਅਕਤੀ ਮਾਰੇ ਗਏ। ਝਟਕਿਆਂ ਕਾਰਨ 11 ਤੋਂ ਜ਼ਿਆਦਾ ਵਿਅਕਤੀ ਜ਼ਖ਼ਮੀ ਹੋਏ ਹਨ। ਭੁਚਾਲ ਦੇ ਝਟਕੇ ਭਾਵੇਂ ਹਲਕੇ ਸਨ ਪਰ ਇਸ ਨੇ ਲੋਕਾਂ ’ਚ ਹੋਰ ਡਰ ਪੈਦਾ ਕਰ ਦਿੱਤਾ ਹੈ। -ਏਪੀ