ਨਵੀ ਦਿੱਲੀ, 31 ਅਗਸਤ
ਕੇਂਦਰੀ ਵਾਤਾਵਰਨ ਮੰਤਰੀ ਭੁਪੇਂਦਰ ਯਾਦਵ ਨੇ ਕਿਹਾ ਹੈ ਕਿ ਆਲਮੀ ਨਿਕਾਸੀ ’ਚ ਭਾਵੇਂ ਭਾਰਤ ਦਾ ਇੰਨਾ ਯੋਗਦਾਨ ਨਹੀਂ ਹੈ ਪਰ ਇਸ ਦੇ ਬਾਵਜੂਦ ਉਸ ਨੇ ਸਮੱਸਿਆ ਸੁਲਝਾਉਣ ਦੀ ਮਨਸ਼ਾ ਦਿਖਾਈ ਹੈ। ਬਾਲੀ (ਇੰਡੋਨੇਸ਼ੀਆ) ’ਚ ਵਾਤਾਵਰਨ ਅਤੇ ਜਲਵਾਯੂ ਮਾਮਲਿਆਂ ਦੇ ਜੀ-20 ਮੁਲਕਾਂ ਦੇ ਮੰਤਰੀਆਂ ਦੀ ਬੈਠਕ ਦੇ ਉਦਘਾਟਨੀ ਸਮਾਗਮ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਵਿਕਸਤ ਮੁਲਕਾਂ ਤੋਂ ਜਲਵਾਯੂ ਵਿੱਤ ਦਾ ਵਾਅਦਾ ਫਰੇਬ ਹੀ ਦਿਖਾਈ ਦਿੱਤਾ ਹੈ ਅਤੇ ਇਸ ਦੀ ਮੌਜੂਦਾ ਰਫ਼ਤਾਰ ਆਲਮੀ ਖਾਹਿਸ਼ਾਂ ਮੁਤਾਬਕ ਨਹੀਂ ਹੈ। ਮੰਤਰੀ ਨੇ ਕਿਹਾ ਕਿ ਭਾਰਤ ਘੱਟ ਕਾਰਬਨ ਵਾਲੀਆਂ ਸਨਅਤਾਂ ਪ੍ਰਤੀ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਪਿਛਲੇ ਕੁਝ ਸਾਲਾਂ ’ਚ ਸਾਰੇ ਘਰਾਂ ਤੱਕ ਬਿਜਲੀ ਪਹੁੰਚਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਹਨ। ‘ਕੌਮੀ ਗਰੀਨ ਹਾਈਡਰੋਜਨ ਮਿਸ਼ਨ ਕਾਰਬਨ ਨਿਕਾਸੀ ਘਟਾਉਣ ’ਚ ਅਹਿਮ ਯੋਗਦਾਨ ਪਾਏਗਾ।’ ਯਾਦਵ ਨੇ ਕਿਹਾ ਕਿ ਜਲਵਾਯੂ ਸੰਕਟ ਦਾ ਵਧੇਰੇ ਅਸਰ ਗਰੀਬਾਂ ਮੁਲਕਾਂ ’ਤੇ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਦੁਨੀਆ ਨੂੰ ਵਿਕਾਸ ਅਤੇ ਵਾਤਾਵਰਨ ਸੰਭਾਲ ਨੂੰ ਜੋੜ ਕੇ ਕੰਮ ਕਰਨਾ ਚਾਹੀਦਾ ਹੈ। ਉਨ੍ਹਾਂ ਜੀ-20 ਮੁਲਕਾਂ ਦੇ ਮੈਂਬਰਾਂ ਨੂੰ ਕਿਹਾ ਕਿ ਉਹ ਸਮੁੰਦਰਾਂ ਪ੍ਰਤੀ ਵਿਸ਼ੇਸ਼ ਜ਼ਿੰਮੇਵਾਰੀ ਨਿਭਾਉਣ। -ਪੀਟੀਆਈ