ਸ੍ਰੀਨਗਰ, 11 ਮਈ
ਪੀਪਲਜ਼ ਡੈਮੋਕ੍ਰੈਟਿਕ ਪਾਰਟੀ (ਪੀਡੀਪੀ) ਦੀ ਮੁਖੀ ਅਤੇ ਜੰਮੂ ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਮਹਬਿੂਬਾ ਮੁਫ਼ਤੀ ਨੇ ਅੱਜ ਇੱਥੇ ਕਿਹਾ ਕਿ ਭਾਰਤ ਨੂੰ ਸ੍ਰੀਲੰਕਾ ਦੇ ਮੌਜੂਦਾ ਬੂਰੇ ਹਾਲਾਤ ਤੋਂ ਸਬਕ ਲੈਣਾ ਚਾਹੀਦਾ ਹੈ ਕਿਉਂਕਿ ਸਾਡਾ ਦੇਸ਼ ਵੀ ਗੁਆਂਢੀ ਮੁਲਕ ਵਾਲੇ ਰਾਹ ’ਤੇ ਅੱਗੇ ਵਧ ਰਿਹਾ ਹੈ। ਉਨ੍ਹਾਂ ਟਵੀਟ ਕਰਦਿਆਂ ਕਿਹਾ, ‘‘ਸ੍ਰੀਲੰਕਾ ਵਿੱਚ ਜੋ ਕੁੱਝ ਵੀ ਹੋਇਆ ਉਸ ਤੋਂ ਸਬਕ ਲੈਣਾ ਚਾਹੀਦਾ ਹੈ। ਸਾਲ 2014 ਤੋਂ ਭਾਰਤ ਨੂੰ ਫਿਰਕੂ ਜਨੂੰਨ ਅਤੇ ਕਾਲਪਨਿਕ ਡਰ ਵੱਲ ਧੱਕਿਆ ਜਾ ਰਿਹਾ ਹੈ। ਇਹ ਉਸੇ ਅਤਿ ਰਾਸ਼ਟਰਵਾਦ ਅਤੇ ਧਾਰਮਿਕ ਬਹੁਗਿਣਤੀਵਾਦ ਦੇ ਰਾਹ ’ਤੇ ਜਾ ਰਿਹਾ ਹੈ। ਸਮਾਜਿਕ ਤਾਣੇ-ਬਾਣੇ ਅਤੇ ਆਰਥਿਕ ਸੁਰੱਖਿਆ ਨੂੰ ਇਸ ਦੀ ਕੀਮਤ ਚੁਕਾਉਣੀ ਪਵੇਗੀ।’’ -ਪੀਟੀਆਈ