ਨਵੀਂ ਦਿੱਲੀ, 26 ਨਵੰਬਰ
ਭਾਰਤ, ਰੂਸ ਤੇ ਚੀਨ ਦੇ ਵਿਦੇਸ਼ ਮੰਤਰੀਆਂ ਨੇ ਅੱਜ ਅਫ਼ਗਾਨਿਸਤਾਨ ’ਚ ਖਰਾਬ ਹੋ ਰਹੇ ਮਨੁੱਖੀ ਹਾਲਾਤ ਤੇ ਭਾਰਤ ’ਚ ਹੋ ਰਹੀ ਨਸ਼ਾ ਤਸਕਰੀ ’ਤੇ ਚਿੰਤਾ ਜ਼ਾਹਿਰ ਕੀਤੀ। ਜ਼ਿਕਰਯੋਗ ਹੈ ਕਿ ਅਗਸਤ ’ਚ ਅਫ਼ਗਾਨਿਸਤਾਨ ਦੀ ਸੱਤਾ ’ਤੇ ਤਾਲਿਬਾਨ ਨੇ ਕਬਜ਼ਾ ਕਰ ਲਿਆ ਸੀ ਜਿਸ ਮਗਰੋਂ ਉਸ ਨੂੰ ਬਹੁਤ ਸਾਰੇ ਵਿਦੇਸ਼ੀ ਮੁਲਕਾਂ ਤੋਂ ਮਿਲਣ ਵਾਲੀ ਵਿੱਤੀ ਮਦਦ ਬੰਦ ਹੋ ਗਈ। ਭਾਰਤੀ ਵਿਦੇਸ਼ ਮੰਤਰੀ ਐੱਸ ਜੈਸ਼ੰਕਰ, ਰੂਸ ਦੇ ਸੇਰਗੇਈ ਲਵਰੋਵ ਤੇ ਚੀਨੀ ਵਿਦੇਸ਼ ਮੰਤਰੀ ਵਾਂਗ ਯੀ ਵੱਲੋਂ ਆਨਲਾਈਨ ਮੀਟਿੰਗ ਮਗਰੋਂ ਜਾਰੀ ਕੀਤੇ ਗਏ ਸਾਂਝੇ ਬਿਆਨ ਅਨੁਸਾਰ, ‘ਮੰਤਰੀਆਂ ਨੇ ਅਫ਼ਗਾਨਿਸਤਾਨ ’ਚ ਵਿਗੜ ਰਹੇ ਮਨੁੱਖੀ ਹਾਲਾਤ ’ਤੇ ਚਿੰਤਾ ਜ਼ਾਹਿਰ ਕਰਦਿਆਂ ਅਫ਼ਗਾਨਿਸਤਾਨ ਦੀ ਤੁਰੰਤ ਮਦਦ ਕੀਤੇ ਜਾਣ ਦਾ ਸੱਦਾ ਦਿੱਤਾ।’ ਸੰਯੁਕਤ ਰਾਸ਼ਟਰ ਵੱਲੋਂ ਅਫ਼ਗਾਨਿਸਤਾਨ ਸਬੰਧੀ ਪਾਸ ਕੀਤੇ ਗਏ ਮਤੇ ਤੇ ਯੂਐੱਨ ਦੀ ਮੁਲਕ ਅੰਦਰਲੀ ਭੂਮਿਕਾ ਦੇ ਮੱਦੇਨਜ਼ਰ ਇਹ ਬਿਆਨ ਜਾਰੀ ਕੀਤਾ ਗਿਆ ਹੈ। ਤਿੰਨਾਂ ਮੁਲਕਾਂ ਨੇ ਖੇਤਰ ’ਚ ਨਸ਼ਾ ਤਸਕਰੀ ਨਾਲ ਨਜਿੱਠਣ ਦਾ ਅਹਿਦ ਵੀ ਲਿਆ। -ਆਈਏਐੱਨਐੱਸ