ਨਵੀਂ ਦਿੱਲੀ: ਹਾਲ ਹੀ ਵਿਚ ਭਾਰਤ ਤੇ ਚੀਨ ਵਿਚਾਲੇ ਹੋਈ ਫ਼ੌਜੀ ਪੱਧਰ ਦੀ ਗੱਲਬਾਤ ’ਚ ਚੀਨ ਨੇ ਆਪਣੀ ਫ਼ੌਜ ਨੂੰ ਪੈਂਗੌਂਗ ਝੀਲ ਦੇ ਦੱਖਣੀ ਸਿਰੇ ਤੋਂ ਪਿੱਛੇ ਹਟਾਉਣ ਉਤੇ ਜ਼ੋਰ ਦਿੱਤਾ ਹੈ। ਜਦਕਿ ਭਾਰਤ ਨੇ ਇਸ ਤਜਵੀਜ਼ ਨੂੰ ਰੱਦ ਕਰਦਿਆਂ ਕਿਹਾ ਹੈ ਕਿ ਪੂਰਬੀ ਲੱਦਾਖ ਵਿਚ ਤਣਾਅ ਘਟਾਉਣ ਲਈ ਫ਼ੌਜਾਂ ਪਿੱਛੇ ਹਟਾਉਣ ਦਾ ਅਮਲ ਸਾਰੀਆਂ ਟਕਰਾਅ ਵਾਲੀਆਂ ਥਾਵਾਂ ’ਤੇ ਇਕੋ ਸਮੇਂ ਹੋਣਾ ਚਾਹੀਦਾ ਹੈ। ਸਰਕਾਰੀ ਸੂਤਰਾਂ ਮੁਤਾਬਕ ਭਾਵੇਂ ਭਾਰਤੀ ਤੇ ਚੀਨੀ ਫ਼ੌਜ ਵਿਚਾਲੇ ਕੁਝ ਵਖ਼ਰੇਵੇਂ ਹਨ ਪਰ ਦੋਵੇਂ ਧਿਰਾਂ ਫਿਰ ਵੀ ਇਕੋ ਸੋਚ ਰੱਖਦੀਆਂ ਹਨ ਕਿ ਪੂਰਬੀ ਲੱਦਾਖ ਵਿਚ ਸਥਿਤੀ ਵਿਗੜਨੀ ਨਹੀਂ ਚਾਹੀਦੀ। ਭਾਰਤ ਨੇ ਕਿਹਾ ਹੈ ਕਿ ਪਿੱਛੇ ਹਟਣ ਦਾ ਅਮਲ ਡੇਪਸਾਂਗ ਦੇ ਨਾਲ-ਨਾਲ ਹੋਰਨਾਂ ਸਾਰੀਆਂ ਥਾਵਾਂ ’ਤੇ ਇਕੋ ਵੇਲੇ ਕੀਤਾ ਜਾਵੇ। -ਪੀਟੀਆਈ