ਨਵੀਂ ਦਿੱਲੀ, 2 ਅਪਰੈਲ
ਭਾਰਤ ਨੇ ਕਪਾਹ ਤੇ ਖੰਡ ਦੀ ਸੀਮਤ ਦਰਾਮਦ ਦੀ ਯੋਜਨਾ ’ਤੇ ਪਾਕਿਸਤਾਨ ਦਾ ਰੁਖ਼ ਬਦਲਣ ਦੇ ਮੁੱਦੇ ’ਤੇ ਅੱਜ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਇਸ ਬਾਰੇ ਪੁੱਛੇ ਜਾਣ ’ਤੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਕਿਹਾ, ‘ਅਸੀਂ ਇਸ ਸਬੰਧੀ ਖ਼ਬਰਾਂ ਦੇਖੀਆਂ ਹਨ ਪਰ ਸਪੱਸ਼ਟ ਹੈ ਕਿ ਇਹ ਸਵਾਲ ਪੁੱਛਣ ਲਈ ਅਸੀਂ ਸਹੀ ਧਿਰ ਨਹੀਂ ਹਾਂ।’ ਜ਼ਿਕਰਯੋਗ ਹੈ ਕਿ ਪਾਕਿਸਤਾਨੀ ਮੰਤਰੀ ਮੰਡਲ ਨੇ ਬੀਤੇ ਦਿਨ ਉੱਚ ਅਧਿਕਾਰ ਪ੍ਰਾਪਤ ਕਮੇਟੀ ਦੇ ਭਾਰਤ ਤੋਂ ਕਪਾਹ ਤੇ ਖੰਡ ਦੀ ਦਰਾਮਦ ਦੀ ਤਜਵੀਜ਼ ਨੂੰ ਖਾਰਜ ਕਰ ਦਿੱਤਾ ਸੀ। ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਕਿਹਾ ਸੀ ਕਿ ਦੋਵਾਂ ਮੁਲਕਾਂ ਵਿਚਾਲੇ ਰਿਸ਼ਤੇ ਉਦੋਂ ਤੱਕ ਠੀਕ ਨਹੀਂ ਹੋ ਸਕਦੇ ਜਦੋਂ ਤੱਕ ਭਾਰਤ ਸਰਕਾਰ ਜੰਮੂ ਕਸ਼ਮੀਰ ਦਾ ਵਿਸ਼ੇਸ਼ ਦਰਜਾ ਰੱਦ ਕਰਨ ਸਬੰਧੀ ਆਪਣਾ ਫ਼ੈਸਲਾ ਵਾਪਸ ਨਹੀਂ ਲੈਂਦੀ। ਇਹ ਫ਼ੈਸਲਾ ਪਾਕਿਸਤਾਨ ਦੇ ਨਵੇਂ ਵਿੱਤ ਮੰਤਰੀ ਹੱਮਾਦ ਅਜ਼ਹਰ ਵੱਲੋਂ ਬੁੱਧਵਾਰ ਨੂੰ ਕੀਤੇ ਉਸ ਐਲਾਨ ਤੋਂ ਬਾਅਦ ਆਇਆ ਸੀ ਜਿਸ ’ਚ ਉਨ੍ਹਾਂ ਆਪਣੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਤੋਂ ਬਾਅਦ ਭਾਰਤ ਤੋਂ ਕਪਾਹ ਤੇ ਖੰਡ ਦੀ ਦਰਾਮਦ ’ਤੇ ਕਰੀਬ ਦੋ ਸਾਲ ਪਹਿਲਾਂ ਲੱਗੀ ਪਾਬੰਦੀ ਵਾਪਸ ਲੈਣ ਦਾ ਐਲਾਨ ਕੀਤਾ ਸੀ। ਇਹ ਪੁੱਛੇ ਜਾਣ ’ਤੇ ਕਿ ਕੀ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਦੀ ਹਾਲ ਹੀ ’ਚ ਦੁਸ਼ਾਨਬੇ ’ਚ ਹਾਰਟ ਆਫ ਏਸ਼ੀਆ ਸੰਮੇਲਨ ਦੌਰਾਨ ਆਪਣੇ ਪਾਕਿਸਤਾਨੀ ਹਮਰੁਤਬਾ ਨਾਲ ਗੱਲਬਾਤ ਹੋਈ ਸੀ, ਬਾਰੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਕਿਹਾ ਕਿ ਉਨ੍ਹਾਂ ਨੂੰ ਪਾਕਿਸਤਾਨੀ ਵਫ਼ਦ ਨਾਲ ਅਜਿਹੀ ਕਿਸੇ ਗੱਲਬਾਤ ਦੀ ਕੋਈ ਜਾਣਕਾਰੀ ਨਹੀਂ ਹੈ। -ਪੀਟੀਆਈ