ਨਵੀਂ ਦਿੱਲੀ, 28 ਜੁਲਾਈ
ਕੇਂਦਰੀ ਵਾਤਾਵਰਨ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਅੱਜ ਕਿਹਾ ਕਿ ਭਾਰਤ ਬਾਘਾਂ/ਸ਼ੇਰਾਂ ਦੀ ਘਟਦੀ ਗਿਣਤੀ ਦੇ ਮੱਦੇਨਜ਼ਰ ਇਨ੍ਹਾਂ ਦੀ ਰਾਖੀ ਲਈ ਬਣਾਈਆਂ ਜੰਗਲੀ ਜੀਵ ਰੱਖਾਂ ਦੇ ਪ੍ਰਬੰਧਨ ਲਈ ਹੋਰਨਾਂ ਟਾਈਗਰ ਰੇਂਜ ਮੁਲਕਾਂ ਨਾਲ ਮਿਲ ਕੇ ਕੰਮ ਕਰਨ ਤੇ ਮੂਹਰੇ ਹੋ ਅਗਵਾਈ ਦੇਣ ਦੀ ਭੂਮਿਕਾ ਲਈ ਤਿਆਰ ਹੈ। ਜਾਵੜੇਕਰ ਨੇ ਕਿਹਾ ਕਿ ਬਾਘਾਂ ਲਈ ਬਣਾਈਆਂ ਭਾਰਤ ਦੀ ਸਾਰੀਆਂ (ਜੰਗਲੀ ਜੀਵ) ਰੱਖਾਂ ਚੰਗੀ ਹਾਲਤ ਵਿੱਚ ਹਨ। ਜਾਵੜੇਕਰ ਇਥੇ ਆਲਮੀ ਬਾਘ ਦਿਹਾੜੇੇ ਦੀ ਪੂਰਬਲੀ ਸੰਧਿਆ ਚੌਥੀ ਆਲ ਇੰਡੀਆ ਟਾਈਗਰ ਐਸਟੀਮੇਸ਼ਨ (ਅਨੁਮਾਨ) 2018 ਦੀ 600 ਸਫ਼ਿਆਂ ਦੀ ਰਿਪੋਰਟ ਨੂੰ ਰਿਲੀਜ਼ ਕਰਨ ਮੌਕੇ ਬੋਲ ਰਹੇ ਸਨ। ਕੇਂਦਰੀ ਮੰਤਰੀ ਨੇ ਕਿਹਾ ਕਿ ਭਾਰਤ ਨੂੰ ਬਾਘਾਂ ਨਾਲ ਸਬੰਧਤ ਆਪਣੀਆਂ ਪ੍ਰਾਪਤੀਆਂ ’ਤੇ ਮਾਣ ਹੈ ਅਤੇ ਜ਼ਮੀਨ ਤੇ ਮੀਂਹ ਦੀ ਤੋਟ ਦੇ ਬਾਵਜੂਦ ਆਲਮੀ ਜੀਵ ਵਿਭਿੰਨਤਾ ਵਿੱਚ ਅੱਠ ਫੀਸਦ ਦਾ ਯੋਗਦਾਨ ਪਾਉਂਦਾ ਹੈ। ਜਾਵੜੇਕਰ ਨੇ ਕਿਹਾ, ‘1973 ਵਿੱਚ ਮਹਿਜ਼ ਨੌਂ ਟਾਈਗਰ ਰੱਖਾਂ ਸਨ, ਜਿਨ੍ਹਾਂ ਦੀ ਗਿਣਤੀ ਹੁਣ ਵਧ ਕੇ 50 ਹੋ ਗਈ ਹੈ। ਇਨ੍ਹਾਂ ਵਿੱਚੋਂ ਕੋਈ ਵੀ ਰੱਖ ਮੰਦੀ ਹਾਲਤ ਵਿੱਚ ਨਹੀਂ ਹੈ।’
-ਪੀਟੀਆਈ