ਕੇਵੜੀਆ(ਗੁਜਰਾਤ)/ਨਵੀਂ ਦਿੱਲੀ, 31 ਅਕਤੂਬਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਰਦਾਰ ਵੱਲਭਭਾਈ ਪਟੇਲ ਦੀ 146ਵੀਂ ਜਨਮ ਵਰ੍ਹੇਗੰਢ ਮੌਕੇ ਦੇਸ਼ ਦੇ ਨਾਂ ਆਪਣੇ ਵੀਡੀਓ ਸੁਨੇਹੇ ਵਿੱਚ ਕਿਹਾ ਕਿ ਭਾਰਤ ਅੰਦਰੂਨੀ ਜਾਂ ਬਾਹਰੀ ਕਿਸੇ ਵੀ ਚੁਣੌਤੀ ਦੇ ਟਾਕਰੇ ਲਈ ਪੂਰੀ ਤਰ੍ਹਾਂ ਸਮਰੱਥ ਹੈ। ਉਨ੍ਹਾਂ ਦੇਸ਼ ਦੇ ਨਾਗਰਿਕਾਂ ਨੂੰ ਇਕਜੁੱਟ ਰਹਿਣ ਦਾ ਸੱਦਾ ਦਿੰਦਿਆਂ ਕਿਹਾ ਕਿ ਸਾਂਝਾ ਮੁਲਕ ਹੀ ਅੱਗੇ ਵੱਲ ਨੂੰ ਵਧ ਕੇ ਆਪਣੇ ਟੀਚਿਆਂ ਨੂੰ ਪ੍ਰਾਪਤ ਕਰ ਸਕਦਾ ਹੈ। ਕਾਬਿਲੇਗੌਰ ਹੈ ਕਿ ਸਰਦਾਰ ਪਟੇਲ ਦੀ ਜਨਮ ਵਰ੍ਹੇਗੰਢ ਨੂੰ ਕੌਮੀ ਏਕਤਾ ਦਿਵਸ ਵਜੋਂ ਮਨਾਇਆ ਜਾਂਦਾ ਹੈ। ਸ੍ਰੀ ਮੋਦੀ ਨੇ ਕਿਹਾ ਕਿ ਭਾਰਤ ਦੇ ਪਹਿਲੇ ਗ੍ਰਹਿ ਮੰਤਰੀ ਦੇ ਆਦਰਸ਼ਾਂ ਤੇ ਦ੍ਰਿੜ ਸੰਕਲਪ ਤੋਂ ਪ੍ਰੇਰਿਤ ਮੁਲਕ ਦੀਆਂ ਸਮਰਥਾਵਾਂ ਤੇ ਦ੍ਰਿੜ ਸੰਕਲਪ ਅੱਜ ਹਰ ਮੋਰਚੇ, ਫਿਰ ਉਹ ਜ਼ਮੀਨ, ਪਾਣੀ, ਹਵਾ ਜਾਂ ਪੁਲਾੜ ਹੋਵੇ, ’ਤੇ ਬੇਮਿਸਾਲ ਹਨ। ਉਨ੍ਹਾਂ ਕਿਹਾ ਕਿ ਸਰਦਾਰ ਪਟੇਲ ਨੇ ਹਮੇਸ਼ਾ ਦੇਸ਼ ਹਿੱਤ ਨੂੰ ਮੂਹਰੇ ਰੱਖਿਆ।
ਸ੍ਰੀ ਮੋਦੀ ਨੇ ਕਿਹਾ, ‘‘ਸਾਨੂੰ ਇਹ ਗੱਲ ਜ਼ਿਹਨ ਵਿੱਚ ਰੱਖਣੀ ਚਾਹੀਦੀ ਹੈ ਕਿ ਕਿਸ਼ਤੀ ’ਤੇ ਸਵਾਰ ਹਰ ਵਿਅਕਤੀ ਨੂੰ ਇਸ ਦੀ ਫ਼ਿਕਰ ਹੋਣੀ ਚਾਹੀਦੀ ਹੈ, ਅਸੀਂ ਅੱਗੇ ਤੇ ਸਹੀ ਦਿਸ਼ਾ ’ਚ ਤਾਂ ਹੀ ਵਧ ਸਕਦੇ ਹਾਂ, ਜਦੋਂ ਅਸੀਂ ਇਕਜੁੱਟ ਹਾਂ। ਮੁਲਕ ਤਾਂ ਹੀ ਆਪਣੇ ਟੀਚਿਆਂ ਨੂੰ ਹਾਸਲ ਕਰਨ ਦੇ ਯੋਗ ਬਣੇਗਾ। ਪ੍ਰਧਾਨ ਮੰਤਰੀ ਨੇ ਪਟੇਲ ਦੇ ਇਕ ਕਥਨ ਦਾ ਵੀ ਹਵਾਲਾ ਦਿੱਤਾ, ‘‘ਸਾਂਝੇ ਯਤਨਾਂ ਨਾਲ ਅਸੀਂ ਮੁਲਕ ਨੂੰ ਨਵੀਆਂ ਬੁਲੰਦੀਆਂ ’ਤੇ ਲਿਜਾ ਸਕਦੇ ਹਾਂ, ਜਦੋਂਕਿ ਇਕਜੁੱਟਤਾ ਦੀ ਘਾਟ ਕਰਕੇ ਅਸੀਂ ਨਵੀਆਂ ਆਫ਼ਤਾਂ ਅੱਗੇ ਨੰਗੇ ਹੋ ਜਾਵਾਂਗੇ।’’ ਸ੍ਰੀ ਮੋਦੀ ਨੇ ਕਿਹਾ, ‘‘ਵਿਕਾਸ ਤੇ ਮੁਸ਼ਕਲ ਟੀਚਿਆਂ ਨੂੰ ਹਾਸਲ ਕਰਨ ਲਈ ਇਹ ਬੇਮਿਸਾਲ ਰਫ਼ਤਾਰ ਦਾ ਸਮਾਂ ਹੈ। ‘ਅਮ੍ਰਿਤ ਕਾਲ’ ਪਟੇਲ ਦੇ ਸੁਪਨਿਆਂ ਦੇ ਭਾਰਤ ਦੀ ਉਸਾਰੀ ਲਈ ਹੈ।’’ ਉਨ੍ਹਾਂ ਕਿਹਾ ਕਿ ਪਟੇਲ ਨੇ ਆਪਣਾ ਜੀਵਨ ‘ਏਕ ਭਾਰਤ, ਸ਼੍ਰੇਸ਼ਠ ਭਾਰਤ’ ਨੂੰ ਸਮਰਪਿਤ ਕੀਤਾ। ਉਨ੍ਹਾਂ ਕਿਹਾ ਕਿ ‘ਮਹਾਯੱਗਿਆ’ ਦੇਸ਼ ਨੂੰ ਸਮਾਜਿਕ, ਆਰਥਿਕ ਤੇ ਸੰਵਿਧਾਨਕ ਤੌਰ ’ਤੇ ਇਕਜੁੱਟ ਰੱਖਣ ਤੇ ਇਸ ਦੇ ਅਸਲ ਆਸੇ ਨੂੰ ਮਜ਼ਬੂਤ ਕਰਨ ਲਈਲ ਹੈ। ਸ੍ਰੀ ਮੋਦੀ ਨੇ ਕਿਹਾ ਕਿ ਕੋਵਿਡ-19 ਖ਼ਿਲਾਫ਼ ਲੜਾਈ ‘ਸਬਕਾ ਪ੍ਰਯਾਸ’ ਦੀ ਮਿਸਾਲ ਹੈ। ਉਨ੍ਹਾਂ ਕਿਹਾ ਕਿ ਜਦੋਂ ‘ਇਕ ਭਾਰਤ’ ਦੀ ਗੱਲ ਹੁੰਦੀ ਹੈ ਤਾਂ ਇਹ ਉਹ ਭਾਰਤ ਹੋਣਾ ਚਾਹੀਦਾ ਹੈ, ਜਿਥੇ ਔਰਤਾਂ ਲਈ ਬਹੁਤ ਸਾਰੇ ਮੌਕੇ ਹਨ, ਜਿੱਥੇ ਦਲਿਤਾਂ, ਕਬਾਇਲੀਆਂ ਤੇ ਹਰ ਨਾਗਰਿਕ ਖੁ਼ਦ ਨੂੰ ਸਮਾਨ ਸਮਝਦਾ ਹੈ ਅਤੇ ਜਿੱਥੇ ਹਾਊਸਿੰਗ, ਬਿਜਲੀ ਤੇ ਪਾਣੀ ਦੀ ਸਹੂਲਤ ਲਈ ਸਭ ਕੋਲ ਸਮਾਨ ਅਧਿਕਾਰ ਹਨ। ਉਨ੍ਹਾਂ ਕਿਹਾ, ‘‘ਪਿਛਲੇ ਸੱਤ ਸਾਲਾਂ ਵਿੱਚ ਦੇਸ਼ ਨੂੰ ਦਹਾਕਿਆਂ ਪੁਰਾਣੇ ਬੇਲੋੜੇ ਕਾਨੂੰਨਾਂ ਤੋਂ ਨਿਜਾਤ ਮਿਲੀ। ਜੰਮੂ ਤੇ ਕਸ਼ਮੀਰ ਹੋਵੇ, ਉੱਤਰ ਪੂਰਬ ਜਾਂ ਹਿਮਾਲਿਆ ਦਾ ਕੋਈ ਪਿੰਡ, ਸਾਰੇ ਵਿਕਾਸ ਦੇ ਰਾਹ ਵੱਲ ਵਧ ਰਹੇ ਹਨ। ਦੇਸ਼ ਦਾ ਆਧੁਲਕਿ ਬੁਨਿਆਦੀ ਢਾਂਚਾ ਭੂਗੋਲਿਕ ਤੇ ਸਭਿਆਚਾਰਕ ਦੂਰੀਆਂ ਨੂੰ ਖ਼ਤਮ ਕਰਨ ਦਾ ਕੰਮ ਕਰ ਰਿਹਾ ਹੈ।’’ -ਪੀਟੀਆਈ
ਪ੍ਰਧਾਨ ਮੰਤਰੀ ਵੱਲੋਂ ਇੰਦਰਾ ਗਾਂਧੀ ਨੂੰ ਸ਼ਰਧਾਂਜਲੀਆਂ
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੰਦਰਾ ਗਾਂਧੀ ਨੂੰ ਉਨ੍ਹਾਂ ਦੀ ਬਰਸੀ ’ਤੇ ਸ਼ਰਧਾਂਜਲੀਆਂ ਦਿੱਤੀਆਂ। ਸ੍ਰੀ ਮੋਦੀ ਨੇ ਇਕ ਟਵੀਟ ਕੀਤਾ, ‘‘ਮੈਂ ਭਾਰਤ ਦੀ ਸਾਬਕਾ ਪ੍ਰਧਾਨ ਮੰਤਰੀ ਸ੍ਰੀਮਤੀ ਇੰਦਰਾ ਗਾਂਧੀ ਜੀ ਨੂੰ ਉਨ੍ਹਾਂ ਦੀ ਬਰਸੀ ਮੌਕੇ ਸ਼ਰਧਾਂਜਲੀ ਅਰਪਿਤ ਕਰਦਾ ਹਾਂ।’’ ਸ੍ਰੀਮਤੀ ਗਾਂਧੀ ਦੀ ਸਾਲ 1984 ਵਿੱਚ ਉਨ੍ਹਾਂ ਦੇ ਅੰਗਰੱਖਿਅਕਾਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। -ਪੀਟੀਆਈ
ਮੋਦੀ ਅਤੇ ਜੀ-20 ਦੇ ਹੋਰ ਆਗੂਆਂ ਨੇ ਤ੍ਰੇਵੀ ਫਾਊਂਟੇਨ ’ਤੇ ਮੰਗੀ ਮੁਰਾਦ
ਰੋਮ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੀ-20 ਸਿਖਰ ਸੰਮੇਲਨ ਦੌਰਾਨ ਅੱਜ ਹੋਰ ਆਲਮੀ ਆਗੂਆਂ ਨਾਲ ਇਥੋਂ ਦੇ ਮਸ਼ਹੂਰ ਤ੍ਰੇਵੀ ਫਾਊਂਟੇਨ ’ਤੇ ਜਾ ਕੇ ਮੁਰਾਦ ਮੰਗੀ। ਇਹ ਫਾਊਂਟੇਨ ਇਟਲੀ ਦੇ ਮਸ਼ਹੂਰ ਸਥਾਨਾਂ ’ਚੋਂ ਇਕ ਹੈ ਜਿਸ ਨੂੰ ਸੈਲਾਨੀ ਵੀ ਪਸੰਦ ਕਰਦੇ ਹਨ। ਇਤਿਹਾਸਕ ਫਾਊਂਟੇਨ ਕਈ ਫਿਲਮਸਾਜ਼ਾਂ ਲਈ ਵੀ ਖਿੱਚ ਦਾ ਕੇਂਦਰ ਰਿਹਾ ਹੈ ਜਿਨ੍ਹਾਂ ਬੈਰੋਕਿਊ ਯਾਦਗਾਰ ਨੂੰ ਰੋਮਾਂਸ ਵਜੋਂ ਮਸ਼ਹੂਰ ਕੀਤਾ ਹੈ। ਜੀ-20 ਇਟਲੀ ਵੱਲੋਂ ਜਾਰੀ ਵੀਡੀਓ ਮੁਤਾਬਕ ਮੋਦੀ ਸਮੇਤ ਸਾਰੇ ਆਗੂਆਂ ਨੇ ਆਪਣੇ ਸਿਰ ਉਪਰੋਂ ਦੀ ਸਿੱਕਾ ਫਾਊਂਟੇਨ ’ਚ ਸੁੱਟਿਆ। ਇਹ ਮੰਨਿਆ ਜਾਂਦਾ ਹੈ ਕਿ ਜੇਕਰ ਕੋਈ ਸਿਰ ਉਪਰੋਂ ਦੀ ਸਿੱਕਾ ਫਾਊਂਟੇਨ ਦੇ ਪਾਣੀ ’ਚ ਸੁੱਟਦਾ ਹੈ ਤਾਂ ਉਸ ਦਾ ਰੋਮ ’ਚ ਪਰਤਣਾ ਯਕੀਨੀ ਹੁੰਦਾ ਹੈ। ਫਾਊਂਟੇਨ ਦੇ ਦੌਰੇ ਮਗਰੋਂ ਸ੍ਰੀ ਮੋਦੀ ਨੇ ਸਪੇਨ ਦੇ ਪ੍ਰਧਾਨ ਮੰਤਰੀ ਪੈਡਰੋ ਸਾਂਚੇਜ਼ ਨਾਲ ਮੁਲਾਕਾਤ ਕੀਤੀ। ਪ੍ਰਧਾਨ ਮੰਤਰੀ ਦਫ਼ਤਰ ਨੇ ਬਿਆਨ ’ਚ ਕਿਹਾ ਕਿ ਦੋਵੇਂ ਆਗੂਆਂ ਨੇ ਮੀਟਿੰਗ ਦੌਰਾਨ ਭਾਰਤ ਅਤੇ ਸਪੇਨ ਵਿਚਕਾਰ ਦੁਵੱਲੇ ਸਬੰਧਾਂ ਨੂੰ ਹੋਰ ਮਜ਼ਬੂਤ ਬਣਾਉਣ ’ਤੇ ਜ਼ੋਰ ਦਿੱਤਾ। ਵਿਦੇਸ਼ ਮੰਤਰਾਲੇ ਦੇ ਤਰਜਮਾਨ ਅਰਿੰਦਮ ਬਾਗਚੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਸਪੇਨ ਦੇ ਕਾਰੋਬਾਰੀਆਂ ਨੂੰ ਸੱਦਾ ਦਿੱਤਾ ਕਿ ਉਹ ਭਾਰਤ ’ਚ ਗਰੀਨ ਹਾਈਡਰੋਜਨ, ਬੁਨਿਆਦੀ ਢਾਂਚੇ ਅਤੇ ਰੱਖਿਆ ਉਤਪਾਦਨ ਸਮੇਤ ਹੋਰ ਸੈਕਟਰਾਂ ’ਚ ਨਿਵੇਸ਼ ਕਰਨ। ਸ੍ਰੀ ਮੋਦੀ ਇਸ ਤੋਂ ਪਹਿਲਾਂ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ, ਬ੍ਰਿਟਿਸ਼ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ, ਫਰਾਂਸੀਸੀ ਰਾਸ਼ਟਰਪਤੀ ਇਮੈਨੂਅਲ ਮੈਕਰੌਂ, ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ, ਸਿੰਗਾਪੁਰ ਦੇ ਪ੍ਰਧਾਨ ਮੰਤਰੀ ਲੀ ਸੀਨ ਲੂੰਗ ਅਤੇ ਜਰਮਨ ਚਾਂਸਲਰ ਐਂਜਿਲਾ ਮਰਕਲ ਨਾਲ ਵੀ ਮੁਲਾਕਾਤ ਕਰ ਚੁੱਕੇ ਹਨ। -ਪੀਟੀਆਈ