ਸ਼ਿਮਲਾ, 6 ਸਤੰਬਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਇੱਥੇ ਦੱਸਿਆ ਕਿ ਭਾਰਤ ਨੇ ਰੋਜ਼ਾਨਾ 1.25 ਕਰੋੜ ਕੋਵਿਡ ਟੀਕਾਕਰਨ ਦੀਆਂ ਖ਼ੁਰਾਕਾਂ ਮੁਹੱਈਆ ਕਰਵਾ ਕੇ ਰਿਕਾਰਡ ਕਾਇਮ ਕੀਤਾ ਹੈ। ਹਿਮਾਚਲ ਪ੍ਰਦੇਸ਼ ਦੇ ਲੋਕਾਂ ਨੂੰ ਵਰਚੁਅਲ ਸਮਾਗਮ ਰਾਹੀਂ ਸੰਬੋਧਨ ਕਰਦਿਆਂ ਮੋਦੀ ਨੇ ਕਿਹਾ ਕਿ ਸਾਰੇ ਯੋਗ ਲੋਕਾਂ ਨੂੰ ਟੀਕਾਕਰਨ ਦੀ ਪਹਿਲੀ ਖ਼ੁਰਾਕ ਮੁਹੱਈਆ ਕਰਵਾ ਕੇ ਹਿਮਾਚਲ ਪ੍ਰਦੇਸ਼ ਛਾ ਗਿਆ ਹੈ। ਹੁਣ ਤੱਕ ਦੇਸ਼ ਭਰ ਵਿੱਚ 70 ਕਰੋੜ ਵੈਕਸੀਨ ਲਾਈ ਜਾ ਚੁੱਕੀ ਹੈ। ਮੋਦੀ ਨੇ ਕਿਹਾ,‘ਸਾਨੂੰ ‘ਦਵਾਈ ਭੀ, ਕੜਾਈ ਭੀ’ ਦਾ ਮੰਤਰ ਨਹੀਂ ਭੁੱਲਣਾ ਚਾਹੀਦਾ। ਸਖ਼ਤੀ ਨਾਲ ਕੋਵਿਡ ਤੋਂ ਬਚਾਅ ਦੇ ਨੇਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਭਾਰਤ ਨੇ ਰੋਜ਼ਾਨਾ 1.25 ਕਰੋੜ ਟੀਕਾਕਰਨ ਕਰਕੇ ਰਿਕਾਰਡ ਬਣਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਿੱਕਿਮ ਅਤੇ ਦਾਦਰਾ ਤੇ ਨਗਰ ਹਵੇਲੀ ਨੇ ਟੀਕਾਕਰਨ ਦਾ ਉਦੇਸ਼ ਪੂਰਾ ਕਰ ਲਿਆ ਹੈ ਅਤੇ ਹੋਰ ਸੂਬੇ ਵੀ ਉਦੇਸ਼ ਦੀ ਪੂਰਤੀ ਵਿੱਚ ਲੱਗੇ ਹੋਏ ਹਨ। ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਦੀ ਸ਼ਲਾਘਾ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਪਹਾੜੀ ਸੂਬੇ ਵਿੱਚ ਟੀਕਾਕਰਨ ਮੁਕੰਮਲ ਕਰਾਉਣਾ ਵੱਡੀ ਪ੍ਰਾਪਤੀ ਹੈ। ਇਸ ਨਾਲ ਦੇਸ਼ ਵਿੱਚ ਵਿਸ਼ਵਾਸ ਉਤਪੰਨ ਹੋਇਆ ਹੈ। ਉਨ੍ਹਾਂ ਕੋਵਿਡ ਯੋਧਿਆਂ ਦੇ ਯਤਨਾਂ ਦੀ ਵੀ ਸ਼ਲਾਘਾ ਕੀਤੀ। -ਪੀਟੀਆਈ