ਨਵੀਂ ਦਿੱਲੀ, 9 ਜੁਲਾਈ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਲਮੀ ਕੰਪਨੀਆਂ ਨੂੰ ਭਾਰਤ ’ਚ ਨਿਵੇਸ਼ ਦਾ ਸੱਦਾ ਦਿੰਦਿਆਂ ਅੱਜ ਕਿਹਾ ਕਿ ਭਾਰਤ ਦੁਨੀਆਂ ਦੇ ਸਭ ਤੋਂ ਖੁੱਲ੍ਹੇ ਅਰਥਚਾਰਿਆਂ ’ਚੋਂ ਇੱਕ ਹੈ ਜਿਨ੍ਹਾਂ ’ਚ ਨਿਵੇਸ਼ਕਾਂ ਨੂੰ ਸੁਖਾਵੇਂ ਤੇ ਮੁਕਾਬਲੇ ਵਾਲੇ ਕਾਰੋਬਾਰੀ ਮਾਹੌਲ ਦੇ ਨਾਲ ਨਾਲ ਵੱਡੇ ਮੌਕੇ ਮੁਹੱਈਆ ਹੁੰਦੇ ਹਨ।
ਉਨ੍ਹਾਂ ਇੰਡੀਆ ਗਲੋਬਲ ਵੀਕ-2020 ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਰਤ ਕਰੋਨਾਵਾਇਰਸ ਮਹਾਮਾਰੀ ਕਾਰਨ ਲਾਏ ਗਏ ਲੌਕਡਾਊਨ ਤੋਂ ਬਾਹਰ ਆ ਰਿਹਾ ਹੈ ਜਿਸ ਤੋਂ ਬਾਅਦ ਅਰਥਚਾਰੇ ’ਚ ਮੁੜ ਵਿਕਾਸ ਦੇ ਸੰਕੇਤ ਦਿਖਾਈ ਦੇਣ ਲੱਗੇ ਹਨ। ਸ੍ਰੀ ਮੋਦੀ ਨੇ ਕਿਹਾ, ‘ਭਾਰਤ ਦੁਨੀਆਂ ਦੇ ਸਭ ਤੋਂ ਖੁੱਲ੍ਹੇ ਅਰਥਚਾਰਿਆਂ ’ਚੋਂ ਇੱਕ ਹੈ। ਅਸੀਂ ਸਾਰੀਆਂ ਆਲਮੀ ਕੰਪਨੀਆਂ ਨੂੰ ਭਾਰਤ ’ਚ ਆਪਣੀ ਹਾਜ਼ਰੀ ਦਾ ਮੌਕਾ ਦੇਣ ਲਈ ਉਨ੍ਹਾਂ ਦੇ ਸਵਾਗਤ ਲਈ ਤਿਆਰ ਖੜ੍ਹੇ ਹਾਂ। ਦੁਨੀਆ ’ਚ ਬਹੁਤ ਘੱਟ ਅਜਿਹੇ ਦੇਸ਼ ਹੋਣਗੇ ਜੋ ਅੱਜ ਦੇ ਸਮੇਂ ਭਾਰਤ ਦੀ ਤਰ੍ਹਾਂ ਮੌਕੇ ਮੁਹੱਈਆ ਕਰਦੇ ਹਨ।’ ਉਨ੍ਹਾਂ ਖੇਤੀ ਦੇ ਨਾਲ-ਨਾਲ ਰੱਖਿਆ ਤੇ ਪੁਲਾੜ ਖੇਤਰ ’ਚ ਆਲਮੀ ਪੂੰਜੀ ਨੂੰ ਖਿੱਚਣ ਲਈ ਹਾਲ ਹੀ ’ਚ ਕੀਤੇ ਗਏ ਸੁਧਾਰਾਂ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ, ‘ਅਸੀਂ ਅਰਥਚਾਰੇ ਨੂੰ ਵੱਧ ਉਤਪਾਦਕ, ਨਿਵੇਸ਼ ਲਈ ਸੁਖਾਵਾਂ ਤੇ ਮੁਕਾਬਲੇ ਵਾਲਾ ਬਣਾ ਰਹੇ ਹਾਂ। ਭਾਰਤ ’ਚ ਕਈ ਉੱਭਰਦੇ ਖੇਤਰਾਂ ’ਚ ਕਈ ਸੰਭਾਵਨਾਵਾਂ ਤੇ ਮੌਕੇ ਹਨ। ਅਸੀਂ ਨਿਵੇਸ਼ਕਾਂ ਨੂੰ ਆਉਣ ਤੇ ਸਿੱਧੇ ਨਿਵੇਸ਼ ਦਾ ਮੌਕਾ ਦੇਣ ਲਈ ਦਰਵਾਜ਼ੇ ਖੋਲ੍ਹ ਰਹੇ ਹਾਂ।’ ਉਨ੍ਹਾਂ ਕਿਹਾ ਕਿ ਇਸ ਦੇ ਨਾਲ ਹੀ ਸੂਖਮ, ਲਘੂ ਤੇ ਦਰਮਿਆਨੀ ਸਨਅਤ ’ਚ ਸੁਧਾਰ ਕੀਤੇ ਗਏ ਹਨ ਜੋ ਵੱਡੀ ਸਨਅਤ ਲਈ ਸਹਾਇਕ ਹੋਣਗੇ। ਉਨ੍ਹਾਂ ਕਿਹਾ, ‘ਇਸ ’ਚ ਕੋਈ ਹੈਰਾਨੀ ਦੀ ਗੱਲ ਨਹੀਂ ਹੈ ਕਿ ਭਾਰਤ ’ਚ ਪਹਿਲਾਂ ਹੀ ਆਰਥਿਕ ਸੁਧਾਰ ਦੇ ਸੰਕੇਤ ਦਿਖਾਈ ਦੇਣ ਲੱਗੇ ਹਨ।’ ਉਨ੍ਹਾਂ ਕਿਹਾ ਕਿ ਇੱਕ ਪਾਸੇ ਦੇਸ਼ ਆਲਮੀ ਮਹਾਮਾਰੀ ਨਾਲ ਲੜ ਰਿਹਾ ਹੈ ਤੇ ਦੂਜੇ ਪਾਸੇ ਲੋਕਾਂ ਦੀ ਸਿਹਤ ਵੱਲ ਧਿਆਨ ਦੇਣ ਦੇ ਨਾਲ ਹੀ ਅਰਥਚਾਰੇ ਵੱਲ ਵੀ ਧਿਆਨ ਦਿੱਤਾ ਜਾ ਰਿਹਾ ਹੈ। ਸ੍ਰੀ ਮੋਦੀ ਨੇ ਕਿਹਾ ਕਿ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਭਾਰਤ ਨੇ ਹਰ ਚੁਣੌਤੀ ਨੂੰ ਪਾਰ ਕੀਤਾ ਹੈ ਫਿਰ ਭਾਵੇਂ ਉਹ ਸਮਾਜਿਕ ਹੋਵੇ ਜਾਂ ਆਰਥਿਕ। -ਪੀਟੀਆਈ
ਭਾਰਤ ਤੇ ਯੂਰੋਪੀ ਯੂਨੀਅਨ ਦਾ ਸਿਖਰ ਸੰਮੇਲਨ 15 ਨੂੰ
ਨਵੀਂ ਦਿੱਲੀ: ਭਾਰਤ ਤੇ ਯੂਰੋਪੀ ਯੂਨੀਅਨ ਦਾ 15ਵਾਂ ਸਿਖਰ ਸੰਮੇਲਨ 15 ਜੁਲਾਈ ਨੂੰ ਵੀਡੀਓ ਕਾਨਫਰੰਸ ਰਾਹੀਂ ਕੀਤਾ ਜਾਵੇਗਾ। ਅਧਿਕਾਰੀਆਂ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਿਖਰ ਸੰਮੇਲਨ ’ਚ ਯੂਰੋਪੀ ਕੌਂਸਲ ਦੇ ਪ੍ਰਧਾਨ ਚਾਰਲਸ ਮਿਸ਼ੈਲ ਤੇ ਯੂਰੋਪੀ ਕਮਿਸ਼ਨ ਦੀ ਪ੍ਰਧਾਨ ਉਰਸੁਲਾ ਵਾਨ ਡੇਰ ਲੇਯੇਨ ਨਾਲ ਵੱਖ ਵੱਖ ਮੁੱਦਿਆਂ ’ਤੇ ਚਰਚਾ ਕਰਨਗੇ। -ਪੀਟੀਆਈ
ਪ੍ਰਧਾਨ ਮੰਤਰੀ ਵੱਲੋਂ ਉੱਤਰ ਪ੍ਰਦੇਸ਼ ਦੀ ਸ਼ਲਾਘਾ
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਉੱਤਰ ਪ੍ਰਦੇਸ਼ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸੂਬੇ ਨੇ ਕਰੋਨਾਵਾਇਰਸ ਮਹਾਮਾਰੀ ਦਾ ਡਟ ਕੇ ਸਾਹਮਣਾ ਕੀਤਾ ਤੇ ਉਸ ਬਾਰੇ ਪ੍ਰਗਟਾਏ ਜਾ ਰਹੇ ਖਦਸ਼ਿਅਆਂ ਨੂੰ ਝੂਠਾ ਸਾਬਤ ਕਰ ਦਿੱਤਾ ਹੈ। ਉਨ੍ਹਾਂ ਕਿਹਾ, ‘23-24 ਕਰੋੜ ਦੀ ਆਬਾਦੀ ਵਾਲੇ ਸਾਡੇ ਉੱਤਰ ਪ੍ਰਦੇਸ਼ ਨੂੰ ਲੈ ਕੇ ਲੋਕਾਂ ਨੂੰ ਬਹੁਤ ਸਾਰੇ ਖਦਸ਼ੇ ਸੀ। ਇਹ ਕਿਵੇਂ ਬਚੇਗਾ। ਕੋਈ ਕਹਿੰਦਾ ਸੀ ਕਿ ਸੂਬੇ ’ਚ ਗਰੀਬੀ ਬਹੁਤ ਹੈ। ਇੱਥੇ ਮਜ਼ਦੂਰ ਬਹੁਤ ਹਨ।’ ਉਨ੍ਹਾਂ ਕਿਹਾ ਲੋਕਾਂ ਦੇ ਸਹਿਯੋਗ ਤੇ ਉੱਤਰ ਪ੍ਰਦੇਸ਼ ਦੇ ਲੋਕਾਂ ਦੀ ਮਿਹਨਤ ਤੇ ਜਜ਼ਬੇ ਨੇ ਸਾਰੇ ਖਦਸ਼ਿਆਂ ਨੂੰ ਝੂਠਾ ਸਾਬਤ ਕਰ ਦਿੱਤਾ ਹੈ। -ਪੀਟੀਆਈ