ਨਵੀਂ ਦਿੱਲੀ, 14 ਨਵੰਬਰ
ਕੇਂਦਰੀ ਮੰਤਰੀ ਪਿਯੂਸ਼ ਗੋਇਲ ਨੇ ਕਿਹਾ ਹੈ ਕਿ ਭਾਰਤ ਦੀ ਅਰਥਵਿਵਸਥਾ ਦੇ ਹਰ ਖੇਤਰ ਵਿੱਚ ਉਭਾਰ ਆ ਰਿਹਾ ਹੈ ਅਤੇ ਮੁਲਕ ਵਸਤੂਆਂ ਤੇ ਸੇਵਾਵਾਂ ਦੀ ਬਰਾਮਦ ’ਚ ਇਤਿਹਾਸਕ ਉਚਾਈਆਂ ਹਾਸਲ ਕਰਨ ਦੇ ਰਾਹ ’ਤੇ ਹੈ।
ਸ੍ਰੀ ਗੋਇਲ ਨੇ ਕਿਹਾ ਕਿ ਮਾਰਚ ’ਚ ਖ਼ਤਮ ਹੋ ਰਹੇ ਇਸ ਚਾਲੂ ਵਰ੍ਹੇ ’ਚ 400 ਬਿਲੀਅਨ ਅਮਰੀਕੀ ਡਾਲਰਾਂ ਦੀ ਵਪਾਰਕ ਬਰਾਮਦ ਦਾ ਟੀਚਾ ਹਾਸਲ ਕਰਨ ਦੇ ਰਾਹ ’ਤੇ ਚੱਲ ਰਿਹਾ ਹੈ।
ਉਨ੍ਹਾਂ ਭਾਰਤੀ ਕੌਮਾਂਤਰੀ ਵਪਾਰਕ ਮੇਲੇ (ਆਈਆਈਟੀਐੱਫ) ਦੇ ਉਦਘਾਟਨ ਮੌਕੇ ਕਿਹਾ ਕਿ ਇਸ ਵਿੱਤੀ ਵਰ੍ਹੇ ਦੇ ਪਹਿਲੇ ਚਾਰ ਮਹੀਨਿਆਂ ਵਿੱਚ 27 ਬਿਲੀਅਨ ਅਮਰੀਕੀ ਡਾਲਰਾਂ ਦਾ ਹੁਣ ਤੱਕ ਦਾ ਸਭ ਤੋਂ ਵੱਧ ਸਿੱਧਾ ਵਿਦੇਸ਼ੀ ਨਿਵੇਸ਼ ਮਿਲਿਆ ਹੈ, ਜੋ ਪਿਛਲੇ ਵਰ੍ਹੇ ਇਸੇ ਸਮੇਂ ਦੀ ਤੁਲਨਾ ’ਚ 62 ਫ਼ੀਸਦੀ ਵੱਧ ਹੈ। -ਪੀਟੀਆਈ
ਮੁਕਤ ਵਪਾਰ ਸਮਝੌਤੇ ਲਾਹੇਵੰਦ ਸਾਬਤ ਹੋਣਗੇ: ਗੋਇਲ
ਨਵੀਂ ਦਿੱਲੀ: ਵਣਜ ਅਤੇ ਸਨਅਤ ਮੰਤਰੀ ਪਿਯੂਸ਼ ਗੋਇਲ ਨੇ ਕਿਹਾ ਹੈ ਕਿ ਆਸਟਰੇਲੀਆ, ਯੂਕੇ ਅਤੇ ਯੂਏਈ ਸਮੇਤ ਹੋਰ ਮੁਲਕਾਂ ਨਾਲ ਤਜਵੀਜ਼ਤ ਮੁਕਤ ਵਪਾਰ ਸਮਝੌਤਿਆਂ (ਐੱਫਟੀਏ) ਸਬੰਧੀ ਗੱਲਬਾਤ ਤੇਜ਼ੀ ਨਾਲ ਚੱਲ ਰਹੀ ਹੈ ਅਤੇ ਇਹ ਸਮਝੌਤੇ ਲਾਗੂ ਹੋਣ ਨਾਲ ਘਰੇਲੂ ਵਸਤਾਂ ਤੱਕ ਸੌਖੀ ਬਾਜ਼ਾਰੂ ਪਹੁੰਚ ਮਿਲ ਸਕੇਗੀ। ਉਨ੍ਹਾਂ ਇੱਥੇ ਵੈਸ਼ਿਆ ਸਮਾਜ ਸੰਮੇਲਨ ਮੌਕੇ ਕਿਹਾ ਕਿ ਅਜਿਹੇ ਸਮਝੌਤਿਆਂ ਲਈ ਆਸਟਰੇਲੀਆ, ਯੂਏਈ, ਜੀਸੀਸੀ (ਗਲਫ ਕੋ-ਆਪਰੇਸ਼ਨ ਕੌਂਸਿਲ), ਯੂਰਪੀ ਯੂਨੀਅਨ, ਇਜ਼ਰਾਇਲ ਤੇ ਯੂਕੇ ਨਾਲ ਗੱਲਬਾਤ ਚੱਲ ਰਹੀ ਹੈ। -ਪੀਟੀਆਈ