ਕਿੰਗਸਟਨ, 17 ਮਈ
ਸਰਕਾਰੀ ਦੌਰੇ ’ਤੇ ਜਮਾਇਕਾ ਪੁੱਜੇ ਭਾਰਤ ਦੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਕਿਹਾ ਕਿ ਭਾਰਤ ‘ਤਬਦੀਲੀ ਦੇ ਰਾਹ’ ਉੱਤੇ ਹੈ ਅਤੇ ‘ਸਵੈ-ਨਿਰਭਰਤਾ’ ਦੇ ਉਹਦੇ ਆਸੇ ਦਾ ਮਤਲਬ ‘ਵੱਖਰਾਪਣ’ ਨਹੀਂ ਬਲਕਿ ਕਾਬਲੀਅਤ ਵਧਾਉਣਾ ਹੈ, ਜੋ ਪੂਰੀ ਮਾਨਵਤਾ ਦੀ ਮਦਦਗਾਰ ਹੋ ਸਕਦੀ ਹੈ। ਰਾਸ਼ਟਰਪਤੀ ਨੇ ਕੈਰੇਬਿਆਈ ਮੁਲਕ ਵਿਚਲੇ ਭਾਰਤੀ ਪਰਵਾਸੀ ਭਾਈਚਾਰੇ ਨੂੰ ਅਪੀਲ ਕੀਤੀ ਕਿ ਉਹ ਸਰਕਾਰ ਦੀਆਂ ਨੀਤੀਆਂ ਦਾ ਲਾਹਾ ਲੈਣ ਅਤੇ ਦੇਸ਼ ਦੀ ਤਰੱਕੀ ਵਿੱਚ ਹਿੱਸਾ ਪਾਉਣ। ਉਨ੍ਹਾਂ ਕਿਹਾ ਕਿ ਨਵਾਂ ਭਾਰਤ ਆਪਣੀ ਤਰੱਕੀ ਤੇ ਖੁਸ਼ਹਾਲੀ ਵਿੱਚ ਹਿੱਸੇਦਾਰੀ ਲਈ ਸਾਰਿਆਂ ਨੂੰ ਅਸੀਮ ਮੌਕੇ ਦਿੰਦਾ ਹੈ। ਰਾਸ਼ਟਰਪਤੀ ਕੋਵਿੰਦ ਇਥੇ ਭਾਰਤੀ ਭਾਈਚਾਰੇ ਨੂੰ ਸੰਬੋਧਨ ਕਰ ਰਹੇ ਸਨ। ਸ੍ਰੀ ਕੋਵਿੰਦ ਟਾਪੂਨੁਮਾ ਮੁਲਕ ਦੀ ਫੇਰੀ ’ਤੇ ਆਉਣ ਵਾਲੇ ਪਹਿਲੇ ਭਾਰਤੀ ਰਾਸ਼ਟਰਪਤੀ ਹਨ।
ਰਾਸ਼ਟਰਪਤੀ ਕੋਵਿੰਦ ਨੇ ਕਿਹਾ, ‘‘ਅਸੀਂ ਇਸ ਨਵੇਂ ਭਾਰਤ, ਜੋ ਤਰੱਕੀ ਤੇ ਖ਼ੁਸ਼ਹਾਲੀ ਨਾਲ ਲੱਖਾਂ ਘਰਾਂ ਨੂੰ ਰੋਸ਼ਨ ਕਰਨ ਦਾ ਵਾਅਦਾ ਕਰਦਾ ਹੈ, ਲਈ ਤੁਹਾਡੇ ਤੋਂ ਹਮਾਇਤ ਮੰਗਦੇ ਹਾਂ। ਇਹ ਉਹ ਭਾਰਤ ਹੈ ਜੋ ਸਾਰਿਆਂ ਦੀ ਇਕੋ ਜਿਹੀ ਸੰਭਾਲ ਕਰਦਾ ਹੈ।’’ ਉਨ੍ਹਾਂ ਕਿਹਾ, ‘‘ਭਾਰਤ ਕਾਇਆ-ਕਲਪ ਦੇ ਰਾਹ ’ਤੇ ਹੈ। ਆਤਮਨਿਰਭਰ ਭਾਰਤ ਜਾਂ ਸਵੈ-ਨਿਰਭਰ ਭਾਰਤ, ਭਾਰਤ ਸਰਕਾਰ ਵੱਲੋਂ ਸ਼ੁਰੂ ਕੀਤੀ ਅਹਿਮ ਪੇਸ਼ਕਦਮੀ ਹੈ। ਸਵੈ-ਨਿਰਭਰਤਾ ਦੀ ਖੋਜ ਤੋਂ ਭਾਵ ਦੂਜਿਆਂ ਨਾਲੋਂ ਟੁੱਟਣਾ ਨਹੀਂ ਬਲਕਿ ਇਸ ਦਾ ਮੁੱਖ ਮੰਤਵ ਆਪਣੀਆਂ ਸਮਰੱਥਾਵਾਂ ਨੂੰ ਵਧਾਉਣਾ ਹੈ, ਤਾਂ ਕਿ ‘ਪੂਰਾ ਵਿਸ਼ਵ ਇਕ ਪਰਿਵਾਰ’ ਦੀ ਧਾਰਨਾ ਨੂੰ ਅਸਲ ਮਾਇਨੇ ਵਿਚ ਲਾਗੂ ਕਰਕੇ ਪੂਰੀ ਮਾਨਵਤਾ ਦੀ ਮਦਦ ਕੀਤੀ ਜਾ ਸਕੇ।’’ ਰਾਸ਼ਟਰਪਤੀ ਨੇ ਕਿਹਾ ਕਿ ਭਾਰਤੀ ਅਰਥਚਾਰੇ ਨੇ ਕੋਵਿਡ-19 ਮਹਾਮਾਰੀ ਦੇ ਬਾਵਜੂਦ ਤੇਜ਼ ਰਫ਼ਤਾਰ ਨਾਲ ਵਾਪਸੀ ਕੀਤੀ ਹੈ ਤੇ ਭਾਰਤ ਡਿਜੀਟਲ ਅਰਥਚਾਰੇ, ਨਵੀਆਂ ਤਕਨੀਕਾਂ, ਵਾਤਾਵਰਨ ਤਬਦੀਲੀ ਜਿਹੇ ਖੇਤਰਾਂ ਵਿੱਚ ਅੱਗੇ ਹੋ ਕੇ ਅਗਵਾਈ ਕਰਨ ਲਈ ਯਤਨ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਰਤ ਤੇ ਜਮਾਇਕਾ ਦੇ ਨਿੱਘੇ ਤੇ ਦੋਸਤਾਨਾ ਸਬੰਧ ਸਾਂਝੀਆਂ ਜਮਹੂਰੀ ਕਦਰਾਂ ਕੀਮਤਾਂ, ਰਾਸ਼ਟਰਮੰਡਲ ਮੁਲਕਾਂ ਦੀ ਮੈਂਬਰੀ ਤੇ ਇਤਿਹਾਸ, ਕ੍ਰਿਕਟ ਲਈ ਪਿਆਰ ਤੇ ਅੰਗਰੇਜ਼ੀ ਭਾਸ਼ਾ ਦੀ ਵਰਤੋਂ ’ਤੇ ਅਧਾਰਿਤ ਹੈ। ਰਾਸ਼ਟਰਪਤੀ ਕੋਵਿੰਦ ਤੇ ਉਨ੍ਹਾਂ ਦੀ ਪਤਨੀ ਸਵਿਤਾ ਕੋਵਿੰਦ ਸਰਕਾਰੀ ਦੌਰੇ ਤਹਿਤ ਐਤਵਾਰ ਨੂੰ ਜਮਾਇਕਾ ਪੁੱਜੇ ਸਨ। -ਪੀਟੀਆਈ