ਨਵੀਂ ਦਿੱਲੀ: ਭਾਰਤ ਨੇ ਪਾਕਿਸਤਾਨ ਦੇ ਵਿਦੇਸ਼ ਮੰਤਰੀ ਬਿਲਾਵਲ ਭੁੱਟੋ ਵੱਲੋਂ ਜੰਮੂ ਕਸ਼ਮੀਰ ਵਿਚ ਕਥਿਤ ਮਨੁੱਖੀ ਹੱਕਾਂ ਦੀ ਉਲੰਘਣਾ ਬਾਰੇ ਦਿੱਤੇ ਬਿਆਨ ਦੀ ਆਲੋਚਨਾ ਕੀਤੀ ਹੈ। ਭੁੱਟੋ ਨੇ ਇਹ ਬਿਆਨ ਆਪਣੀ ਜਰਮਨ ਹਮਰੁਤਬਾ ਐਨਾਲੀਨਾ ਬੇਅਰਬੌਕ ਨਾਲ ਕੀਤੀ ਪ੍ਰੈੱਸ ਕਾਨਫਰੰਸ ਵਿਚ ਦਿੱਤਾ ਸੀ। ਭਾਰਤੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਕਿਹਾ ਕਿ ‘ਆਲਮੀ ਭਾਈਚਾਰੇ ਦੇ ਸਾਰੇ ਗੰਭੀਰ ਤੇ ਈਮਾਨਦਾਰ ਮੈਂਬਰਾਂ ਦੀ ਇਹ ਭੂਮਿਕਾ ਤੇ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਕੌਮਾਂਤਰੀ ਅਤਿਵਾਦ ਦੀ ਖੁੱਲ੍ਹ ਕੇ ਨਿਖੇਧੀ ਕਰਨ।’ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਜੰਮੂ ਕਸ਼ਮੀਰ ਵਿਚ ਦਹਾਕਿਆਂ ਤੋਂ ਅਤਿਵਾਦ ਫੈਲਾਇਆ ਜਾ ਰਿਹਾ ਹੈ। ਉੱਥੇ ਜਾਰੀ ਦਹਿਸ਼ਤੀ ਗਤੀਵਿਧੀਆਂ ਦਾ ਸ਼ਿਕਾਰ ਕਈ ਵਿਦੇਸ਼ੀ ਨਾਗਰਿਕ ਵੀ ਬਣੇ ਹਨ। ਇਸ ਤੋਂ ਇਲਾਵਾ ਸੰਯੁਕਤ ਰਾਸ਼ਟਰ ਸਲਾਮਤੀ ਪਰਿਸ਼ਦ ਤੇ ਐਫਏਟੀਐਫ ਹਾਲੇ ਵੀ 26/11 ਹਮਲਿਆਂ ਦੇ ਜ਼ਿੰਮੇਵਾਰ ਪਾਕਿਸਤਾਨ ਆਧਾਰਿਤ ਅਤਿਵਾਦੀਆਂ ਨੂੰ ਪਾਬੰਦੀਆਂ ਦੀ ਸੂਚੀ ਵਿਚ ਪਾ ਰਹੇ ਹਨ। ਉਨ੍ਹਾਂ ਨਾਲ ਹੀ ਕਿਹਾ, ‘ਜਦ ਦੂਜੇ ਮੁਲਕ ਇਸ ਤਰ੍ਹਾਂ ਦੇ ਖ਼ਤਰਿਆਂ ਨੂੰ ਨਿੱਜੀ ਹਿੱਤਾਂ ਜਾਂ ਵਖ਼ਰੇਵਿਆਂ ਕਰ ਕੇ ਨਜ਼ਰਅੰਦਾਜ਼ ਕਰ ਦਿੰਦੇ ਹਨ ਤਾਂ ਉਹ ਅਮਨ-ਸ਼ਾਂਤੀ ਨੂੰ ਵੀ ਅਣਗੌਲਿਆਂ ਕਰ ਦਿੰਦੇ ਹਨ। -ਆਈਏਐੱਨਐੱਸ