ਨਵੀਂ ਦਿੱਲੀ, 8 ਸਤੰਬਰ
ਭਾਰਤ ਵਿਚ ਨਿਯੁਕਤੀਆਂ ਜਾਂ ਭਰਤੀਆਂ ਦਾ ਕੰਮ 15 ਸਾਲਾਂ ਦੇ ਸਭ ਤੋਂ ਹੇਠਲੇ ਪੱਧਰ ’ਤੇ ਪਹੁੰਚ ਗਿਆ ਹੈ। 800 ਤੋਂ ਵੱਧ ਰੁਜ਼ਗਾਰਦਾਤਾਵਾਂ ਦੇ ਸਰਵੇਖਣ ਵਿਚ ਸਿਰਫ ਤਿੰਨ ਪ੍ਰਤੀਸ਼ਤ ਕੰਪਨੀਆਂ ਨੇ ਅਗਲੇ ਤਿੰਨ ਮਹੀਨਿਆਂ ਦੌਰਾਨ ਨਵੀਂ ਨਿਯੁਕਤੀਆਂ ਕਰਨ ਦਾ ਇਰਾਦਾ ਜ਼ਾਹਰ ਕੀਤਾ ਹੈ। ਇਹ ਸਰਵੇ ਮੰਗਲਵਾਰ ਨੂੰ ਜਾਰੀ ਕੀਤਾ ਗਿਆ ਸੀ। ਮੈਨਪਾਵਰ ਗਰੁੱਪ ਦੇ ਰੁਜ਼ਗਾਰ ਸਰਵੇ ਨੇ ਦੇਸ਼ ਭਰ ਦੀਆਂ 813 ਕੰਪਨੀਆਂ ਦੇ ਵਿਚਾਰ ਲਏ। ਸਰਵੇਖਣ ਅਨੁਸਾਰ ਭਾਰਤੀ ਮਾਲਕ 2020 ਦੀ ਪਹਿਲੀ ਤਿਮਾਹੀ ਵਿਚ ਨਿਯੁਕਤੀਆਂ ਸਬੰਧੀ ਫੂਕ ਫੂਕ ਕੇ ਪੈਰ ਧਰ ਰਹੇ ਹਨ। ਸਰਵੇਖਣ ਦੇ ਅਨੁਸਾਰ ਸੱਤ ਪ੍ਰਤੀਸ਼ਤ ਮਾਲਕ ਨੇ ਕਿਹਾ ਕਿ ਉਹ ਕਰਮਚਾਰੀਆਂ ਦੀ ਗਿਣਤੀ ਵਿੱਚ ਵਾਧੇ ਦੀ ਉਮੀਦ ਕਰ ਰਹੇ ਹਨ। ਤਿੰਨ ਪ੍ਰਤੀਸ਼ਤ ਨੇ ਕਿਹਾ ਕਿ ਉਹ ਕਰਮਚਾਰੀਆਂ ਦੀ ਕਟੌਤੀ ਕਰਨਗੇ। 54 ਪ੍ਰਤੀਸ਼ਤ ਨੇ ਕਿਹਾ ਕਿ ਕਰਮਚਾਰੀਆਂ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਜਾਏਗੀ। ਜੇ ਇਨ੍ਹਾਂ ਦਾ ਜੋੜ ਕੀਤਾ ਜਾਵੇ ਤਾਂ ਸਾਹਮਣੇ ਆਵੇਗਾ ਕਿ ਸਿਰਫ਼ ਤਿੰਨ ਫੀਸਦ ਕੰਪਨੀਆਂ ਹੀ ਨੌਕਰੀਆਂ ਦੇਣ ਲਈ ਤਿਆਰ ਹਨ।