ਪੁਣੇ, 27 ਅਗਸਤ
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਕਿਹਾ ਕਿ ਜੇ ਭਾਰਤ ਟੈਕਨਾਲੋਜੀ ਵਿੱਚ ਨਿਪੁੰਨ ਹੋ ਜਾਂਦਾ ਹੈ ਤਾਂ ਉਹ ਮਹਾਂਸ਼ਕਤੀ ਬਣ ਸਕਦਾ ਹੈ। ਰੱਖਿਆ ਮੰਤਰੀ ਇੱਥੇ ਰੱਖਿਆ ਖੋਜ ਅਤੇ ਵਿਕਾਸ ਸੰਸਥਾ (ਡੀਆਰਡੀਓ) ਨਾਲ ਸਬੰਧਿਤ ਯੂਨੀਵਰਸਿਟੀ ਡਿਫੈਂਸ ਇੰਸਟੀਚਿਊਟ ਆਫ ਐਡਵਾਂਸਡ ਟੈਕਨੋਲੋਜੀ (ਡਾਇਟ) ਵਿੱਚ ਵਿਦਿਆਰਥੀਆਂ ਅਤੇ ਖੋਜਾਰਥੀਆਂ ਨੂੰ ਸੰੰਬੋਧਨ ਕਰ ਰਹੇ ਸਨ। ਰਾਜਨਾਥ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਾਰਤ ਨੂੰ ਖੋਜ ਅਤੇ ਕਾਢ ਦੀ ਤਰੱਕੀ ਦੇ ਰਸਤੇ ਪਾਉਣ ਲਈ ਵਚਨਬੱਧ ਹਨ। ਉਨ੍ਹਾਂ ਕਿਹਾ, ‘‘ਰੱਖਿਆ ਮੰਤਰਾਲੇ ਨੇ ਹਥਿਆਰਬੰਦ ਬਲਾਂ, ਉਦਯੋਗਾਂ ਅਤੇ ਅਕਾਦਮੀਆਂ ਦੀਆਂ ਸਾਂਝੀਆਂ ਕੋਸ਼ਿਸ਼ਾਂ ਰਾਹੀਂ ਖੋਜ ਅਤੇ ਕਾਢ ਵਿੱਚ ਤਰੱਕੀ ਲਈ ਕੁੱਝ ਪਹਿਲਕਦਮੀਆਂ ਦੀ ਸ਼ੁਰੂਆਤ ਕੀਤੀ ਹੈ। ਇਹ ਤਰੱਕੀ ਆਪਸੀ ਸਮਝ ਅਤੇ ਜਾਣਕਾਰੀ ਤੇ ਬਿਹਤਰੀਨ ਤਜਰਬੇ ਸਾਂਝੇ ਕਰਨ ਨਾਲ ਹੀ ਸੰਭਵ ਹੋ ਸਕਦੀ ਹੈ।’’ ਉਨ੍ਹਾਂ ਦੱਸਿਆ ਕਿ ਨਵੇਂ ਹੁਨਰ ਨੂੰ ਜੋੜਨ ਲਈ ਰੱਖਿਆ ਮੰਤਰਾਲੇ ਨੇ ‘ਆਈਡੈਕਸ’ (ਉੱਤਮ ਸੁਰੱਖਿਆ ਲਈ ਖੋਜ) ਨਾਂ ਦਾ ਪਲੈਟਫਾਰਮ ਵੀ ਬਣਾਇਆ ਹੈ। -ਪੀਟੀਆਈ