ਨਵੀਂ ਦਿੱਲੀ, 11 ਨਵੰਬਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਪਿਛਲੇ ਛੇ ਸਾਲਾਂ ਵਿਚ ਕੀਤੇ ਟੈਕਸ ਸੁਧਾਰਾਂ ਦੇ ਦਮ ’ਤੇ ਭਾਰਤ ਨੇ ਟੈਕਸ ਅਤਿਵਾਦ ਨੂੰ ਖ਼ਤਮ ਕੀਤਾ ਹੈ ਤੇ ਮੁਲਕ ਹੁਣ ਪਾਰਦਰਸ਼ਤਾ ਵੱਲ ਵੱਧ ਰਿਹਾ ਹੈ। ਕਟਕ ਦੇ ਆਮਦਨ ਕਰ ਅਪੀਲ ਟ੍ਰਿਬਿਊਨਲ ਦੇ ਦਫ਼ਤਰ ਤੇ ਰਿਹਾਇਸ਼ੀ ਕੰਪਲੈਕਸ ਦੇ ਉਦਘਾਟਨ ਮੌਕੇ ਮੋਦੀ ਨੇ ਕਾਰਪੋਰੇਟ ਟੈਕਸ ਦਰ ਵਿਚ ਆਈ ਕਮੀ, ਨਿੱਜੀ ਕਰਦਾਤਾ ਲਈ ਸੁਖਾਲੀਆਂ ਦਰਾਂ, ਅਪੀਲਾਂ ਤੇ ਰਿਫੰਡ ’ਚ ਆਏ ਸੁਧਾਰ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਟੈਕਸ ਅਤਿਵਾਦ ਪਿਛਲੀਆਂ ਸਰਕਾਰਾਂ ਦੌਰਾਨ ਆਮ ਰਿਹਾ ਹੈ। ਮੋਦੀ ਨੇ ਕਿਹਾ ਕਿ ਸੁਧਾਰਾਂ, ਬਿਹਤਰ ਪ੍ਰਦਰਸ਼ਨ ਤੇ ਨਵੀਂ ਰੂਪ-ਰੇਖਾ ਦਾ ਨਤੀਜਾ ਪਾਰਦਰਸ਼ਤਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਆਜ਼ਾਦੀ ਤੋਂ ਬਾਅਦ ਕਰਦਾਤਾ ਤੇ ਕਰ ਇਕੱਠਾ ਕਰਨ ਵਾਲੇ ਦੇ ਰਿਸ਼ਤੇ ਵਿਚ ਕੋਈ ਤਬਦੀਲੀ ਨਹੀਂ ਆਈ ਸੀ, ਪਰ ਹੁਣ ਬਦਲਾਅ ਆ ਰਿਹਾ ਹੈ ਤੇ ਸ਼ੋਸ਼ਣ ਤੋਂ ਮੁਕਤੀ ਮਿਲ ਰਹੀ ਹੈ। ਮੋਦੀ ਨੇ ਕਿਹਾ ਕਿ ਸ਼ਿਕਾਇਤਾਂ ਦੇ ਨਬਿੇੜੇ ਨੂੰ ਵੀ ਸੌਖਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਤਕਨੀਕ ਦੀ ਵਰਤੋਂ ਵੀ ਮਦਦਗਾਰ ਸਾਬਿਤ ਹੋਈ ਹੈ। ਭਾਰਤ ਉਨ੍ਹਾਂ ਕੁਝ ਦੇਸ਼ਾਂ ਵਿਚੋਂ ਇਕ ਹੈ ਜਿੱਥੇ ਕਰਦਾਤਾ ਦੇ ਅਧਿਕਾਰਾਂ ਤੇ ਜ਼ਿੰਮੇਵਾਰੀਆਂ ਨੂੰ ਕੋਡ ਦੇ ਦਾਇਰ ਵਿਚ ਲਿਆਂਦਾ ਗਿਆ ਹੈ। ਇਸੇ ਦੌਰਾਨ ਪ੍ਰਧਾਨ ਮੰਤਰੀ ਦਫ਼ਤਰ ਵੱਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਮੋਦੀ 13 ਨਵੰਬਰ ਨੂੰ ‘ਆਯੁਰਵੈਦ ਦਿਵਸ’ ਮੌਕੇ ਵੀਡੀਓ ਕਾਨਫਰੰਸ ਰਾਹੀਂ ਜਾਮਨਗਰ ’ਚ ਆਯੁਰਵੈਦ ਅਧਿਆਪਨ ਤੇ ਖੋਜ ਸੰਸਥਾ ਦਾ ਉਦਘਾਟਨ ਕਰਨਗੇ। ਇਸ ਤੋਂ ਇਲਾਵਾ ਜੈਪੁਰ ਵਿਚ ਕੌਮੀ ਆਯੁਰਵੈਦ ਸੰਸਥਾ ਦਾ ਉਦਘਾਟਨ ਵੀ ਕੀਤਾ ਜਾਵੇਗਾ। ਪ੍ਰਧਾਨ ਮੰਤਰੀ ਮੋਦੀ ਨੇ ਅੱਜ ਬਿਹਾਰ ਦੇ ਵਾਲਮੀਕਿ ਨਗਰ ਤੋਂ ਲੋਕ ਸਭਾ ਦੀ ਜ਼ਿਮਨੀ ਚੋਣ ਜਿੱਤਣ ਵਾਲੇ ਜੇਡੀ(ਯੂ) ਦੇ ਸੁਨੀਲ ਕੁਮਾਰ ਨੂੰ ਵਧਾਈ ਦਿੱਤੀ। -ਪੀਟੀਆਈ
ਮੌਲਾਨਾ ਆਜ਼ਾਦ ਤੇ ਅਚਾਰਿਆ ਕ੍ਰਿਪਲਾਨੀ ਨੂੰ ਜਨਮ ਦਿਨ ਮੌਕੇ ਸ਼ਰਧਾਂਜਲੀ ਭੇਟ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰ ਕੇ ਆਜ਼ਾਦੀ ਘੁਲਾਟੀਏ ਅਬੁਲ ਕਲਾਮ ਆਜ਼ਾਦ ਤੇ ਜੇ.ਬੀ. ਕ੍ਰਿਪਲਾਨੀ ਨੂੰ ਜਨਮ ਦਿਨ ਮੌਕੇ ਸ਼ਰਧਾਂਜਲੀ ਭੇਟ ਕੀਤੀ। ਉਨ੍ਹਾਂ ਕਿਹਾ ਕਿ ਆਜ਼ਾਦ ਤੇ ਕ੍ਰਿਪਲਾਨੀ ਨੇ ਖ਼ੁਦ ਨੂੰ ਗਰੀਬਾਂ ਤੇ ਨੌਜਵਾਨਾਂ ਨੂੰ ਉੱਚਾ ਚੁੱਕਣ ਲਈ ਸਮਰਪਿਤ ਕੀਤਾ। ਜ਼ਿਕਰਯੋਗ ਹੈ ਕਿ ਆਜ਼ਾਦ ਤੇ ਕ੍ਰਿਪਲਾਨੀ ਕਾਂਗਰਸ ਪ੍ਰਧਾਨ ਵੀ ਰਹੇ ਹਨ।
ਮੋਦੀ ਵੱਲੋਂ ਵਿਸ਼ਵ ਸਿਹਤ ਸੰਸਥਾ ਦੇ ਮੁਖੀ ਨਾਲ ਕਰੋਨਾ ਦੇ ਟਾਕਰੇ ਬਾਰੇ ਚਰਚਾ
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਵਿਸ਼ਵ ਸਿਹਤ ਸੰਸਥਾ ਦੇ ਡਾਇਰੈਕਟਰ ਜਨਰਲ ਟੈਡਰੋਸ ਅਧਾਨੋਮ ਗੈਬਰਿਆਸਿਸ ਨਾਲ ਕਰੋਨਾ ਮਹਾਮਾਰੀ ਦੇ ਟਾਕਰੇ ਲਈ ਆਲਮੀ ਸਹਿਯੋਗ ਬਾਰੇ ਚਰਚਾ ਕੀਤੀ। ਉਨ੍ਹਾਂ ਨੇ ਇਸ ਮਹਾਮਾਰੀ ਦੇ ਟਾਕਰੇ ਲਈ ਰਵਾਇਤੀ ਇਲਾਜ ਪ੍ਰਣਾਲੀਆਂ ਨੂੰ ਆਧੁਨਿਕ ਇਲਾਜ ਪ੍ਰਣਾਲੀ ਨਾਲ ਏਕੀਕ੍ਰਿਤ ਕਰਨ ਦੀ ਲੋੜ ਲਈ ਵੀ ਸਹਿਮਤੀ ਦਿੱਤੀ। ਪ੍ਰਧਾਨ ਮੰਤਰੀ ਦੇ ਦਫ਼ਤਰ ਵੱਲੋਂ ਜਾਰੀ ਬਿਆਨ ਮੁਤਾਬਕ ਸ੍ਰੀ ਮੋਦੀ ਨੇ ਵਿਸ਼ਵ ਸਿਹਤ ਸੰਸਥਾ ਦੇ ਡਾਇਰੈਕਟਰ ਜਨਰਲ ਨਾਲ ਫੋਨ ’ਤੇ ਗੱਲਬਾਤ ਦੇ ਕਰਦਿਆਂ ਕਰੋਨਾ ਦੇ ਟਾਕਰੇ ਲਈ ਆਲਮੀ ਸੰਸਥਾ ਵੱਲੋਂ ਨਿਭਾਈ ਗਈ ਅਹਿਮ ਭੂਮਿਕਾ ਦੀ ਪ੍ਰਸ਼ੰਸਾ ਕੀਤੀ। -ਪੀਟੀਆਈ