ਨਵੀਂ ਦਿੱਲੀ, 1 ਨਵੰਬਰ
ਸੂਚਨਾ ਤਕਨੀਕ ਬਾਰੇ ਸੰਸਦ ਦੀ ਸਥਾਈ ਕਮੇਟੀ ਫੇਸਬੁੱਕ ਦੇ ਸਾਬਕਾ ਮੁਲਾਜ਼ਮ ਤੇ ਹੁਣ ‘ਵ੍ਹਿਸਲਬਲੋਅਰ’ ਫਰਾਂਸਿਸ ਹੌਗਨ ਸਣੇ ਹੋਰਾਂ ਨੂੰ ਭਾਰਤ ਸੱਦ ਸਕਦੀ ਹੈ। ਹੌਗਨ ਕੰਪਨੀ ਵਿਚ ਡੇਟਾ ਵਿਗਿਆਨੀ ਸਨ ਤੇ ਉਨ੍ਹਾਂ ਦੋਸ਼ ਲਾਇਆ ਹੈ ਕਿ ਸੋਸ਼ਲ ਮੀਡੀਆ ਕੰਪਨੀ ਦੇ ਪਲੈਟਫਾਰਮ ਬੱਚਿਆਂ ਦਾ ਨੁਕਸਾਨ ਕਰ ਰਹੇ ਹਨ ਤੇ ਅਮਰੀਕਾ ਵਿਚ ਧਰੁਵੀਕਰਨ ਨੂੰ ਹਵਾ ਦੇ ਰਹੇ ਹਨ। ਉਹ ਅਮਰੀਕਾ ਦੀ ਸੈਨੇਟ ਕਮੇਟੀ ਅੱਗੇ ਵੀ ਪੇਸ਼ ਹੋਇਆ ਹੈ। ਫਰਾਂਸਿਸ ਨੂੰ ਭਾਰਤੀ ਕਮੇਟੀ ਅੱਗੇ ਬਿਆਨ ਦਰਜ ਕਰਵਾਉਣ ਲਈ ਸੱਦਣ ਵਾਸਤੇ ਪਹਿਲਾਂ ਲੋਕ ਸਭਾ ਸਪੀਕਰ ਤੋਂ ਪ੍ਰਵਾਨਗੀ ਲੈਣੀ ਪਏਗੀ। ਕਮੇਟੀ ਦੇ ਚੇਅਰਮੈਨ ਕਾਂਗਰਸ ਆਗੂ ਸ਼ਸ਼ੀ ਥਰੂਰ ਹਨ। ਥਰੂਰ ਨੇ ਕਿਹਾ ਕਿ ਕਮੇਟੀ ਦਾ ਹਾਲ ਹੀ ਵਿਚ ਪੁਨਰਗਠਨ ਹੋਇਆ ਹੈ ਤੇ ਪਹਿਲੀ ਮੀਟਿੰਗ 16 ਤੇ 17 ਨਵੰਬਰ ਨੂੰ ਰੱਖੀ ਗਈ ਹੈ। ਉਨ੍ਹਾਂ ਕਿਹਾ ਕਿ ਵਿਦੇਸ਼ ਤੋਂ ਕਿਸੇ ਗਵਾਹ ਨੂੰ ਬਿਆਨਾਂ ਲਈ ਸੱਦਣ ਲਈ ਸਪੀਕਰ ਦੀ ਮਨਜ਼ੂਰੀ ਦੀ ਲੋੜ ਪੈਂਦੀ ਹੈ ਤੇ ਇਹ ਮੰਗੀ ਜਾ ਰਹੀ ਹੈ। -ਪੀਟੀਆਈ