ਨਵੀਂ ਦਿੱਲੀ, 10 ਦਸੰਬਰ
ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਕਿਹਾ ਹੈ ਕਿ ਭਾਰਤ ਕੋਵਿਡ-19 ਵੈਕਸੀਨ ਆਲਮੀ ਪੱਧਰ ’ਤੇ ਵੀ ਮੁਹੱਈਆ ਕਰਵਾ ਕੇ ਲੱਖਾਂ ਲੋਕਾਂ ਦੀ ਜਾਨ ਬਚਾਉਣ ’ਚ ਕਾਮਯਾਬ ਰਿਹਾ ਹੈ। ਕੌਮੀ ਮਨੁੱਖੀ ਹੱਕਾਂ ਬਾਰੇ ਕਮਿਸ਼ਨ ਵੱਲੋਂ ਮਨੁੱਖੀ ਅਧਿਕਾਰ ਦਿਵਸ ’ਤੇ ਕਰਵਾਏ ਗਏ ਸਮਾਗਮ ਨੂੰ ਸੰਬੋਧਨ ਕਰਦਿਆਂ ਸ੍ਰੀ ਕੋਵਿੰਦ ਨੇ ਕਿਹਾ ਕਿ ਮਨੁੱਖਤਾ ਨੂੰ ਇਤਿਹਾਸ ਦੀ ਸਭ ਤੋਂ ਨਾਮੁਰਾਦ ਮਹਾਮਾਰੀ ਨਾਲ ਜੂਝਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਮਹਾਮਾਰੀ ਦਾ ਅਸਰ ਅਜੇ ਖ਼ਤਮ ਨਹੀਂ ਹੋਇਆ ਹੈ ਅਤੇ ਵਾਇਰਸ ਮਨੁੱਖਤਾ ਨਾਲੋਂ ਇਕ ਕਦਮ ਅੱਗੇ ਜਾਪ ਰਿਹਾ ਹੈ ਪਰ ਦੁਨੀਆ ਨੇ ਵਿਗਿਆਨ ਅਤੇ ਆਪਸੀ ਭਾਈਵਾਲੀ ਦੇ ਭਰੋਸੇ ਇਸ ਦਾ ਡਟ ਕੇ ਟਾਕਰਾ ਕੀਤਾ ਹੈ।
ਉਨ੍ਹਾਂ ਕਿਹਾ ਕਿ ਮਹਾਮਾਰੀ ਦਾ ਅਸਰ ਸਭ ਤੋਂ ਜ਼ਿਆਦਾ ਸਮਾਜ ਦੇ ਹਾਸ਼ੀਏ ’ਤੇ ਧੱਕੇ ਵਰਗ ’ਤੇ ਪਿਆ ਹੈ। ਉਨ੍ਹਾਂ ਕਿਹਾ ਕਿ ਇਤਿਹਾਸ ਦੀ ਸਭ ਤੋਂ ਵੱਡੀ ਟੀਕਾਕਰਨ ਮੁਹਿੰਮ ਤਹਿਤ ਸਰਕਾਰ ਨੇ ਇਕ ਅਰਬ ਤੋਂ ਜ਼ਿਆਦਾ ਲੋਕਾਂ ਨੂੰ ਵਾਇਰਸ ਤੋਂ ਸੁਰੱਖਿਆ ਮੁਹੱਈਆ ਕਰਵਾਈ ਹੈ। ਰਾਸ਼ਟਰਪਤੀ ਨੇ ਕਿਹਾ ਕਿ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਨੇ ਸਿਵਲ ਸੁਸਾਇਟੀ ਅਤੇ ਮੀਡੀਆ ਸਮੇਤ ਹੋਰ ਧਿਰਾਂ ਨਾਲ ਮਿਲ ਕੇ ਮਨੁੱਖੀ ਹੱਕਾਂ ਨੂੰ ਮਜ਼ਬੂਤ ਬਣਾਉਣ ਲਈ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਵਾਰ ਮਨੁੱਖੀ ਅਧਿਕਾਰ ਦਿਵਸ ਦਾ ਵਿਸ਼ਾ ‘ਬਰਾਬਰੀ’ ਹੈ ਅਤੇ ਸਾਰਿਆਂ ਨੂੰ ਮੱਤਭੇਦ ਭੁਲਾ ਕੇ ਰਲ ਕੇ ਇਸ ਵਿਸ਼ੇ ’ਤੇ ਕੰਮ ਕਰਨਾ ਚਾਹੀਦਾ ਹੈ। ਕੁਦਰਤ ਨਾਲ ਹੋ ਰਹੀ ਛੇੜਛਾੜ ’ਤੇ ਚਿੰਤਾ ਜ਼ਾਹਿਰ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਦਾ ਮਾੜਾ ਅਸਰ ਦੇਖਣ ਨੂੰ ਮਿਲ ਰਿਹਾ ਹੈ। ਉਨ੍ਹਾਂ ਸੂਰਜੀ ਊਰਜਾ ’ਤੇ ਜ਼ੋਰ ਦੇਣ ਲਈ ਵੀ ਕਿਹਾ। -ਪੀਟੀਆਈ
ਪੱਛਮੀ ਬੰਗਾਲ ’ਚ ਹੋ ਰਿਹੈ ਮਨੁੱਖੀ ਹੱਕਾਂ ਦਾ ਘਾਣ: ਰਾਜਪਾਲ
ਕੋਲਕਾਤਾ: ਪੱਛਮੀ ਬੰਗਾਲ ਦੇ ਰਾਜਪਾਲ ਜਗਦੀਪ ਧਨਖੜ ਨੇ ਤ੍ਰਿਣਮੂਲ ਕਾਂਗਰਸ ਸਰਕਾਰ ’ਤੇ ਨਵਾਂ ਹਮਲਾ ਬੋਲਦਿਆਂ ਦੋਸ਼ ਲਾਇਆ ਹੈ ਕਿ ਸੂਬੇ ਨੇ ਮਨੁੱਖੀ ਹੱਕਾਂ ਦੇ ਘਾਣ ਦੀ ਮਿਸਾਲ ਕਾਇਮ ਕਰ ਦਿੱਤੀ ਹੈ। ਮਨੁੱਖੀ ਹੱਕਾਂ ਬਾਰੇ ਦਿਵਸ ’ਤੇ ਵੀਡੀਓ ਰਾਹੀਂ ਦਿੱਤੇ ਸੁਨੇਹੇ ’ਚ ਰਾਜਪਾਲ ਨੇ ਕਿਹਾ ਕਿ ਜਮਹੂਰੀ ਪ੍ਰਣਾਲੀ ਨੂੰ ਮਜ਼ਬੂਤ ਬਣਾਉਣ ਲਈ ਲੋਕਾਂ ਦੇ ਹੱਕਾਂ ਦੀ ਬਹਾਲੀ ਜ਼ਰੂਰੀ ਹੈ। ਟਵਿੱਟਰ ’ਤੇ ਪੋਸਟ ਕੀਤੇ ਗਏ ਸੁਨੇਹੇ ’ਚ ਉਨ੍ਹਾਂ ਕਿਹਾ,‘‘ਪੱਛਮੀ ਬੰਗਾਲ ਨੇ ਮਨੁੱਖੀ ਹੱਕਾਂ ਦੀ ਉਲੰਘਣਾ ਦੀ ਮਿਸਾਲ ਕਾਇਮ ਕਰ ਦਿੱਤੀ ਹੈ। ਲੋਕਾਂ ’ਚ ਡਰ ਦਾ ਇੰਨਾ ਮਾਹੌਲ ਹੈ ਕਿ ਉਹ ਇਸ ਬਾਰੇ ਖੁੱਲ੍ਹ ਕੇ ਚਰਚਾ ਵੀ ਨਹੀਂ ਕਰ ਸਕਦੇ।’’ ਇਕ ਹੋਰ ਟਵੀਟ ’ਚ ਉਨ੍ਹਾਂ ਕਿਹਾ ਕਿ ਸਿਰਫ਼ ਸ਼ਾਸਕ ਦਾ ਹੁਕਮ ਚਲਦਾ ਹੈ ਨਾ ਕਿ ਕਾਨੂੰਨ ਦਾ। ਰਾਜਪਾਲ ਨੇ ਅਧਿਕਾਰੀਆਂ ਨੂੰ ਬੇਨਤੀ ਕੀਤੀ ਹੈ ਕਿ ਉਹ ਸੰਵਿਧਾਨ ਤਹਿਤ ਮਿਲੇ ਅਧਿਕਾਰਾਂ ਮੁਤਾਬਕ ਕੰਮ ਕਰਨ। ਉਧਰ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਟਵਿੱਟਰ ’ਤੇ ਇਸ ਦਿਹਾੜੇ ਮੌਕੇ ਪੋਸਟ ਕੀਤੇ ਸੁਨੇਹੇ ’ਚ ਲੋਕਾਂ ਨੂੰ ਸੱਦਾ ਦਿੱਤਾ ਹੈ ਕਿ ਉਹ ਅਜਿਹੀਆਂ ਤਾਕਤਾਂ ਨੂੰ ਮਾਤ ਦੇਣ ਜਿਹੜੀਆਂ ਉਨ੍ਹਾਂ ਦੇ ਬੁਨਿਆਦੀ ਹੱਕਾਂ ਦਾ ਘਾਣ ਕਰਦੀਆਂ ਹਨ। -ਪੀਟੀਆਈ