ਪੇਈਚਿੰਗ, 10 ਸਤੰਬਰ
ਚੀਨ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਹ ਬ੍ਰਿਕਸ ਸਮੂਹ ਦੇ ਇੱਕ ਸਾਲ ਦੇ ਪ੍ਰਧਾਨਗੀ ਕਾਰਜਕਾਲ ਦੌਰਾਨ ਭਾਰਤ ਵੱਲੋਂ ਪਾਏ ਯੋਗਦਾਨ ਨੂੰ ਮੰਨਦਾ ਹੈ ਅਤੇ ਉਸ ਦੀ ਸ਼ਲਾਘਾ ਕਰਦਾ ਹੈ। ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਸਮਾਪਤ ਹੋਏ 13ਵੇਂ ਬ੍ਰਿਕਸ ਸੰਮੇਲਨ ਦੀ ਪ੍ਰਧਾਨਗੀ ਕੀਤੀ ਸੀ। ਭਾਰਤ ਇਸ ਵਰ੍ਹੇ ਇਸ ਵਰ੍ਹੇ ਪੰਜ ਮੈਂਬਰੀ ਸਮੂਹ ਦਾ ਚੇਅਰਮੈਨ ਸੀ। ਬ੍ਰਿਕਸ ਭਾਈਵਾਲੀ ਅਤੇ ਭਾਰਤ ਦੀ ਪ੍ਰਧਾਨਗੀ ਹੇਠ ਪੰਜ ਮੈਂਬਰੀ ਸਮੂਹ ਵੱਲੋਂ ਕੀਤੇ ਗਏ ਸਮਝੌਤਿਆਂ ਬਾਰੇ ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਝਾਓ ਲਿਜੀਯਾਨ ਨੇ ਪੱਤਰਕਾਰਾਂ ਨੂੰ ਕਿਹਾ, ‘ਅਸੀਂ ਪਿਛਲੇ ਇੱਕ ਸਾਲ ’ਚ ਭਾਰਤ ਦੀ ਪ੍ਰਧਾਨਗੀ ਅਤੇ ਉਸ ਦੇ ਯੋਗਦਾਨ ਨੂੰ ਮੰਨਦੇ ਹਾਂ ਇਸ ਦੀ ਸ਼ਲਾਘਾ ਕਰਦੇ ਹਾਂ, ਜਿਸ ਵਿੱਚ ਸਿਖਰ ਸੰਮੇਲਨ ਕਰਵਾਉਣਾ ਵੀ ਸ਼ਾਮਲ ਹੈ।’ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ, ਜੋ ਵੀਰਵਾਰ ਨੂੰ ਵੀਡੀਓ ਲਿੰਕ ਰਾਹੀਂ ਸਿਖਰ ਸੰਮੇਲਨ ਵਿੱਚ ਸ਼ਾਮਲ ਹੋਏ ਸਨ ਨੇ ਕਿਹਾ ਕਿ ਅਗਲੇ ਸਾਲ ਆਪਣੇ ਪ੍ਰਧਾਨਗੀ ਕਾਰਜਕਾਲ ਦੌਰਾਨ ਚੀਨ ਆਮ ਚੁਣੌਤੀਆਂ ਦਾ ਸਾਹਮਣਾ ਕਰਨ ਅਤੇ ਬੇਹਤਰ ਭਵਿੱਖ ਦੇ ਨਿਰਮਾਣ ਲਈ ਸਾਰੇ ਖੇਤਰਾਂ ’ਚ ਸਹਿਯੋਗ ਵਧਾਉਣ ਵਾਸਤੇ ਬ੍ਰਿਕਸ ਭਾਈਵਾਲਾਂ ਨਾਲ ਰਲ ਕੇ ਕੰਮ ਕਰਨ ਤੇ ਵੱਧ ਤੋਂ ਵੱਧ ਨਤੀਜਾ ਦੇਣ ਵਾਲੀਆ ਭਾਈਵਾਲੀਆਂ ਕਰਨ ਲਈ ਪੱਬਾਂ ਭਾਰ ਹੈ। -ਪੀਟੀਆਈ