ਟੋਕੀਓ, 1 ਅਗਸਤ
ਇੱਥੇ ਟੋਕੀਓ ਓਲੰਪਿਕ ਖੇਡਾਂ ਦੇ ਪੁਰਸ਼ ਹਾਕੀ ਕੁਆਰਟਰ ਫਾਈਨਲ ਮੈਚ ਵਿੱਚ ਭਾਰਤ, ਬਰਤਾਨੀਆ ਨੂੰ 3-1 ਨਾਲ ਹਰਾ ਕੇ ਚਾਰ ਦਹਾਕਿਆਂ ਬਾਅਦ ਓਲੰਪਿਕ ਦੇ ਸੈਮੀ ਫਾਈਨਲ ’ਚ ਪਹੁੰਚਿਆ। ਇਸ ਤੋਂ ਪਹਿਲਾਂ 1972 ਦੀਆਂ ਮਿਊਨਿਕ ਓਲੰਪਿਕ ਖੇਡਾਂ ਦੇ ਸੈਮੀ ਫਾਈਨਲ ਮੁਕਾਬਲੇ ਵਿਚ ਪਹੁੰਚਿਆ ਸੀ। ਇਸ ਮੈਚ ਵਿਚ ਭਾਰਤ 0-2 ਤੋਂ ਆਪਣੇ ਰਵਾਇਤੀ ਵਿਰੋਧੀ ਪਾਕਿਸਤਾਨ ਤੋਂ ਹਾਰ ਗਿਆ ਸੀ। ਹਾਲਾਂਕਿ, 1980 ਦੀਆਂ ਮਾਸਕੋ ਓਲੰਪਿਕ ਖੇਡਾਂ ਵਿਚ ਭਾਰਤ ਨੇ ਸੋਨ ਤਗ਼ਮਾ ਜਿੱਤਿਆ ਸੀ ਪਰ ਉਸ ਵੇਲੇ ਸੈਮੀ ਫਾਈਨਲ ਮੁਕਾਬਲਾ ਨਹੀਂ ਸੀ ਹੋਇਆ ਕਿਉਂਕਿ ਇਨ੍ਹਾਂ ਮੁਕਾਬਲਿਆਂ ’ਚ ਸਿਰਫ਼ ਛੇ ਟੀਮਾਂ ਖੇਡ ਰਹੀਆਂ ਸਨ। ਭਾਰਤ ਵੱਲੋਂ ਅੱਧੇ ਸਮੇਂ ਤੱਕ ਦੋ ਗੋਲ ਕਰ ਦਿੱਤੇ ਗਏ ਸਨ ਜਦਕਿ ਤੀਜਾ ਗੋਲ ਦੂਜੇ ਅੱਧ ਵਿਚ ਕੀਤਾ। ਭਾਰਤ ਵੱਲੋਂ ਪਹਿਲਾ ਗੋਲ ਦਿਲਪ੍ਰੀਤ ਸਿੰਘ ਨੇ, ਦੂਜਾ ਗੋਲ ਗੁਰਜੰਟ ਸਿੰਘ ਅਤੇ ਤੀਜਾ ਗੋਲ ਹਾਰਦਿਕ ਸਿੰਘ ਨੇ ਕੀਤਾ। ਹੁਣ ਭਾਰਤ ਦਾ ਸੈਮੀ ਫਾਈਨਲ ਮੁਕਾਬਲਾ ਮੰਗਲਵਾਰ ਨੂੰ ਬੈਲਜੀਅਮ ਨਾਲ ਹੋਵੇਗਾ। -ਪੀਟੀਆਈ