ਨਵੀਂ ਦਿੱਲੀ, 14 ਅਗਸਤ
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਆਜ਼ਾਦੀ ਦਿਹਾੜੇ ਦੀ ਪੂਰਬਲੀ ਸੰਧਿਆ ਹਥਿਆਰਬੰਦ ਫੌਜਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਰਕਾਰ ਉਨ੍ਹਾਂ ਦੀਆਂ ਅਪਰੇਸ਼ਨਲ ਲੋੜਾਂ ਦੀ ਕਾਇਮੀ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ। ਰੱਖਿਆ ਮੰਤਰੀ ਨੇ ਕਿਹਾ ਕਿ ਇਤਿਹਾਸ ਗਵਾਹ ਹੈ ਕਿ ਭਾਰਤ ਨੇ ਨਾ ਤਾਂ ਕਿਸੇ ’ਤੇ ਹਮਲਾ ਕੀਤਾ ਹੈ ਤੇ ਨਾ ਹੀ ਕਿਸੇ ਦੂਜੇ ਮੁਲਕ ਦੀ ਧਰਤੀ ’ਤੇ ਕਬਜ਼ਾ। ਉਨ੍ਹਾਂ ਕਿਹਾ ਕਿ ਭਾਰਤ ਜ਼ਮੀਨ ਨਹੀਂ ਬਲਕਿ ਦਿਲ ਜਿੱਤਣੇ ਜਾਣਦਾ ਹੈ। ਸਿੰਘ ਨੇ ਸਾਫ਼ ਕਰ ਦਿੱਤਾ ਕਿ ਪਰ ਇਸ ਦਾ ਇਹ ਮਤਲਬ ਬਿਲਕੁਲ ਨਹੀਂ ਕਿ ਅਸੀਂ ਕਿਸੇ ਨੂੰ ਵੀ ਆਪਣੇ ਸਵੈ-ਮਾਣ ਨੂੰ ਸੱਟ ਮਾਰਨ ਦੀ ਇਜਾਜ਼ਤ ਦੇਵਾਂਗੇ। ਊਨ੍ਹਾਂ ਕਿਹਾ ਕਿ ਕੌਮੀ ਸੁਰੱਖਿਆ ਦੀ ਬਹਾਲੀ ਲਈ ਕੀਤੇ ਯਤਨ ਸਵੈ-ਰੱਖਿਆ ਲਈ ਹਨ, ਇਨ੍ਹਾਂ ਦਾ ਮਤਲਬ ਦੂਜਿਆਂ ’ਤੇ ਹਮਲਾ ਕਰਨਾ ਨਹੀਂ। ਉਨ੍ਹਾਂ ਕਿਹਾ ਕਿ ਹਮਲੇ ਦੀ ਸੂਰਤ ਵਿੱਚ ਭਾਰਤ ਦੁਸ਼ਮਣ ਨੂੰ ਮੂੰਹ ਤੋੜ ਜਵਾਬ ਦੇਣ ਦੇ ਸਮਰੱਥ ਹੈ।