ਕੁਲਦੀਪ ਸਿੰਘ
ਚੰਡੀਗੜ੍ਹ, 30 ਅਗਸਤ
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਕਿਹਾ ਕਿ ਭਾਰਤ ਵਾਰਤਾ ਰਾਹੀਂ ਚੀਨ ਨਾਲ ਸਰਹੱਦੀ ਵਿਵਾਦ ਦਾ ਹੱਲ ਚਾਹੁੰਦਾ ਹੈ। ਉਨ੍ਹਾਂ ਨਾਲ ਹੀ ਕਿਹਾ ਕਿ ਸਰਕਾਰ ਸਰਹੱਦ ਦੀ ਉਲੰਘਣਾ ਦੀ ਇਜਾਜ਼ਤ ਨਹੀਂ ਦੇਵੇਗੀ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਸੁਰੱਖਿਆ ਬਲਾਂ ਨੂੰ ਸਪੱਸ਼ਟ ਕਰ ਦਿੱਤਾ ਹੈ ਕਿ ਅਸਲ ਕੰਟਰੋਲ ਰੇਖਾ (ਐੱਲਏਸੀ) ਕੋਲ ਕਿਸੇ ਵੀ ਇੱਕਪਾਸੜ ਕਾਰਵਾਈ ਨੂੰ ਅਣਗੌਲਿਆਂ ਨਾ ਕੀਤਾ ਜਾਵੇ। ਰਾਜਨਾਥ ਸਿੰਘ ਪੰਜਾਬ ਯੂਨੀਵਰਸਿਟੀ ਵੱਲੋਂ ਕੌਮੀ ਸੁਰੱਖਿਆ ਦੇ ਮੁੱਦੇ ’ਤੇ ਤੀਜੇ ਬਲਰਾਮਜੀ ਦਾਸ ਟੰਡਨ ਯਾਦਗਾਰੀ ਭਾਸ਼ਣ ਦੌਰਾਨ ਆਨਲਾਈਨ ਸੰਬੋਧਨ ਕਰ ਰਹੇ ਸਨ।
ਰੱਖਿਆ ਮੰਤਰੀ ਨੇ ਕਿਹਾ ਕਿ ਚੀਨ ਨਾਲ ਸਰਹੱਦ ਨੂੰ ਲੈ ਕੇ ਵਿਚਾਰਾਂ ’ਚ ਵਖਰੇਵੇਂ ਹਨ। ਉਨ੍ਹਾਂ ਕਿਹਾ, ‘ਇਸ ਦੇ ਬਾਵਜੂਦ ਕੁਝ ਸਮਝੌਤੇ, ਪ੍ਰੋਟੋਕੋਲ ਹਨ ਜਿਸ ਤਹਿਤ ਦੋਵਾਂ ਮੁਲਕਾਂ ਦੀਆਂ ਸੈਨਾਵਾਂ ਗਸ਼ਤ ਕਰਦੀਆਂ ਹਨ।’ ਪੂਰਬੀ ਲੱਦਾਖ ’ਚ ਪਿਛਲੇ ਸਾਲ ਹੋਈ ਝੜਪ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਚੀਨੀ ਸੈਨਾ ਨੇ ਸਹਿਮਤੀ ਵਾਲੇ ਪ੍ਰੋਟੋਕੋਲ ਦੀ ਉਲੰਘਣਾ ਕੀਤੀ ਸੀ। ਉਨ੍ਹਾਂ ਕਿਹਾ, ‘ਅਸੀਂ ਕਿਸੇ ਵੀ ਹਾਲਤ ’ਚ ਚੀਨੀ ਸੈਨਾ ਨੂੰ ਐੱਲਏਸੀ ਕੋਲ ਇਕਪਾਸੜ ਕਾਰਵਾਈ ਦੀ ਇਜਾਜ਼ਤ ਨਹੀਂ ਦੇ ਸਕਦੇ। ਇਸ ਲਈ ਭਾਰਤੀ ਸੈਨਾ ਨੇ ਉਸ ਦਿਨ ਗਲਵਾਨ ’ਚ ਚੀਨੀ ਫੌਜੀਆਂ ਦਾ ਬਹਾਦੁਰੀ ਨਾਲ ਮੁਕਾਬਲਾ ਕੀਤਾ ਤੇ ਉਨ੍ਹਾਂ ਨੂੰ ਪਿੱਛੇ ਹਟਣ ਲਈ ਮਜਬੂਰ ਕਰ ਦਿੱਤਾ।’ ਪੂਰਬ-ਉੱਤਰ ਦੇ ਹਾਲਾਤ ਦਾ ਜ਼ਿਕਰ ਕਰਦਿਆਂ ਰੱਖਿਆ ਮੰਤਰੀ ਨੇ ਕਿਹਾ ਕਿ ਪਿਛਲੇ ਸੱਤ ਸਾਲਾਂ ’ਚ ਇਸ ਖੇਤਰ ’ਚ ਸ਼ਾਂਤੀ ਆਈ ਹੈ। ਉਨ੍ਹਾਂ ਇਸ ਖੇਤਰ ’ਚ ਸ਼ਾਂਤੀ ਦੀ ਬਹਾਲੀ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕਾਰਜਕਾਲ ਦੀ ਵੱਡੀ ਰਣਨੀਤਕ ਜਿੱਤ ਦੱਸਿਆ। ਉਨ੍ਹਾਂ ਕਿਹਾ ਕਿ ਦੁਨੀਆਂ ਦੀ ਕੋਈ ਤਾਕਤ ਜੰਮੂ ਕਸ਼ਮੀਰ ਨੂੰ ਭਾਰਤ ਤੋਂ ਵੱਖ ਨਹੀਂ ਕਰ ਸਕਦੀ। ਇਸ ਸਮੇਂ ਅਤਿਵਾਦ ਖਿਲਾਫ਼ ਭਾਰਤ ਦੇਸ਼ ਦੇ ਅੰਦਰ ਕਾਰਵਾਈਆਂ ਤਾਂ ਕਰ ਹੀ ਰਿਹਾ ਹੈ ਪਰ ਨਾਲ ਹੀ ਸਰਹੱਦ ਪਾਰ ਅਤਿਵਾਦੀ ਠਿਕਾਣਿਆਂ ਨੂੰ ਨਸ਼ਟ ਕਰਨ ਵਿੱਚ ਵੀ ਸਫ਼ਲਤਾ ਹਾਸਿਲ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਰਤ ਦੀ ਤਾਕਤ ਤੋਂ ਹੁਣ ਪੂਰੀ ਦੁਨੀਆਂ ਜਾਣੂ ਹੋ ਚੁੱਕੀ ਹੈ। ਬੀਤੇ ਸਾਲਾਂ ਵਿੱਚ ਭਾਰਤੀ ਫੌਜ ਦੀ ਕਾਰਵਾਈ ਵਿੱਚ ਕਾਫ਼ੀ ਬਦਲਾਅ ਦੇਖਣ ਨੂੰ ਮਿਲਿਆ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਦੀ ਹਮਾਇਤ ਵਾਲਾ ਅਤਿਵਾਦ ਹੌਲੀ-ਹੌਲੀ ਭਾਰਤ ਵਿੱਚ’ ਖ਼ਤਮ ਹੋ ਰਿਹਾ ਹੈ। ਹਾਲ ਹੀ ਦੇ ਕੁਝ ਕੁ ਸਾਲਾਂ ਵਿੱਚ ਪਾਕਿਸਤਾਨ ਨੇ ਸਰਹੱਦ ਉਤੇ ਗੋਲੀਬਾਰੀ ਦੀਆਂ ਘਟਨਾਵਾਂ ਅੰਜਾਮ ਦਿੱਤੀਆਂ ਸਨ ਪ੍ਰੰਤੂ ਭਾਰਤੀ ਫੌਜ ਨੇ ਵੀ ਉਨ੍ਹਾਂ ਨੂੰ ਢੁੱਕਵਾਂ ਜਵਾਬ ਦਿੱਤਾ ਹੈ।
ਇਸ ਮੌਕੇ ਗੈਸਟ ਆਫ਼ ਆਨਰ ਦੇ ਰੂਪ ਵਿੱਚ ਸ਼ਾਮਿਲ ਹੋਏ ਭਾਜਪਾ ਦੇ ਸਾਬਕਾ ਕੌਮੀ ਮੀਤ ਪ੍ਰਧਾਨ ਅਵਿਨਾਸ਼ ਰਾਏ ਖੰਨਾ ਨੇ ਸਵਰਗੀ ਬਲਰਾਮਜੀ ਦਾਸ ਟੰਡਨ ਦੀ ਕਾਰਜਸ਼ੈਲੀ ਉਤੇ ਚਾਨਣਾ ਪਾਉਂਦਿਆਂ ਕਿਹਾ ਕਿ ਉਨ੍ਹਾਂ ਦਾ ਪੂਰਾ ਜੀਵਨ ਲੋਕਾਂ ਦੇ ਲਈ ਪ੍ਰੇਰਨਾ ਸਰੋਤ ਰਹੇਗਾ। ਇਸ ਤੋਂ ਪਹਿਲਾਂ ਪੰਜਾਬ ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋ. ਰਾਜ ਕੁਮਾਰ ਨੇ ਪ੍ਰੋਗਰਾਮ ਵਿੱਚ ਸ਼ਾਮਿਲ ਬੁਲਾਰਿਆਂ ਅਤੇ ਮੁੱਖ ਮਹਿਮਾਨ ਦਾ ਸਵਾਗਤ ਕਰਦਿਆਂ ਯੂਨੀਵਰਸਿਟੀ ਦੀਆਂ ਪ੍ਰਾਪਤੀਆਂ ਉਤੇ ਚਾਨਣਾ ਪਾਇਆ। ਪ੍ਰੋਗਰਾਮ ਦੌਰਾਨ ਸਵਰਗੀ ਟੰਡਨ ਦੇ ਪੁੱਤਰ ਸੰਜੇ ਟੰਡਨ ਨੇ ਕਿਹਾ ਕਿ ਉਹ ਆਪਣੇ ਪਿਤਾ ਤੋਂ ਪ੍ਰੇਰਿਤ ਹੋ ਕੇ ਕੰਪੀਟੈਂਟ ਫਾਊਂਡੇਸ਼ਨ ਅਤੇ ਬਲਰਾਮਜੀ ਦਾਸ ਟੰਡਨ ਚੈਰੀਟੇਬਲ ਫਾਊਂਡੇਸ਼ਨ ਰਾਹੀਂ ਸਮਾਜ ਕਲਿਆਣ ਦੇ ਖੇਤਰ ਵਿੱਚ ਯਤਨਸ਼ੀਲ ਹਨ।
ਅਫ਼ਗਾਨਿਸਤਾਨ ਦੇ ਹਾਲਾਤ ਭਾਰਤ ਲਈ ਖਤਰਾ: ਰਾਜਨਾਥ
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਅਫ਼ਗਾਨਿਸਤਾਨ ਦੇ ਮੌਜੂਦਾ ਹਾਲਾਤ ਨੇ ਸੁਰੱਖਿਆ ਦੇ ਨਵੇਂ ਸਵਾਲ ਖੜ੍ਹੇ ਕਰ ਦਿੱਤੇ ਹਨ ਅਤੇ ਕੇਂਦਰ ਸਰਕਾਰ ਚੌਕਸ ਹੈ ਤੇ ਕਿਸੇ ਵੀ ਹਾਲਾਤ ਨਾਲ ਨਜਿੱਠਣ ਦੇ ਸਮਰੱਥ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਦੇਸ਼ ਵਿਰੋਧੀ ਤਾਕਤ ਨੂੰ ਅਫ਼ਗਾਨਿਸਤਾਨ ਦੇ ਹਾਲਾਤ ਦਾ ਫਾਇਦਾ ਚੁੱਕ ਕੇ ਸਰਹੱਦ ਪਾਰਲੇ ਅਤਿਵਾਦ ਨੂੰ ਹੁਲਾਰਾ ਦੇਣ ਦੀ ਇਜਾਜ਼ਤ ਨਹੀਂ ਦਿੱਤੀ ਜਾਣੀ ਚਾਹੀਦੀ। ਉਨ੍ਹਾਂ ਕਿਹਾ, ‘ਗੁਆਂਢੀ ਮੁਲਕ ਅਫ਼ਗਾਨਿਸਤਾਨ ’ਚ ਜੋ ਹੋ ਰਿਹਾ ਹੈ ਉਸ ਨਾਲ ਸੁਰੱਖਿਆ ਦੇ ਲਿਹਾਜ਼ ਨਾਲ ਨਵੇਂ ਸਵਾਲ ਖੜ੍ਹੇ ਹੋ ਰਹੇ ਹਨ ਤੇ ਸਾਡੀ ਸਰਕਾਰ ਉਥੋਂ ਦੇ ਹਾਲਾਤ ’ਤੇ ਨਜ਼ਰ ਰੱਖ ਰਹੀ ਹੈ।’ -ਪੀਟੀਆਈ