ਨਵੀਂ ਦਿੱਲੀ, 9 ਅਪਰੈਲ
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਆਪਣੇ ਕਜ਼ਾਖ਼ ਹਮਰੁਤਬਾ ਲੈਫ਼ਟੀਨੈਂਟ ਜਨਰਲ ਨੂਰਲਾਨ ਯਰਮੇਕਬਾਯੇਬ ਨਾਲ ਮੁਲਾਕਾਤ ਕੀਤੀ। ਇਸ ਮੌਕੇ ਦੋਵਾਂ ਮੁਲਕਾਂ ਵਿਚਾਲੇ ਉਦਯੋਗਿਕ ਪੱਧਰ ’ਤੇ ਰੱਖਿਆ ਭਾਈਵਾਲੀ ਦੀਆਂ ਸੰਭਾਵਨਾਵਾਂ ’ਤੇ ਵਿਚਾਰ-ਚਰਚਾ ਕੀਤੀ ਗਈ। ਰਾਜਨਾਥ ਨੇ ਕਿਹਾ ਕਿ ਦੋਵਾਂ ਧਿਰਾਂ ਨੇ ਇਸ ਮੌਕੇ ਸੁਰੱਖਿਆ ਤੇ ਰੱਖਿਆ ਨਾਲ ਜੁੜੇ ਵੱਖ-ਵੱਖ ਪੱਖਾਂ ਨੂੰ ਵਿਚਾਰਿਆ। ਕਜ਼ਾਖ਼ਸਤਾਨ ਦੇ ਰੱਖਿਆ ਮੰਤਰੀ 7-10 ਅਪਰੈਲ ਤੱਕ ਭਾਰਤ ਦੇ ਸਰਕਾਰੀ ਦੌਰੇ ’ਤੇ ਹਨ। ਰੱਖਿਆ ਮੰਤਰਾਲੇ ਨੇ ਜਾਰੀ ਬਿਆਨ ਵਿਚ ਕਿਹਾ ਕਿ ਦੋਵਾਂ ਮੰਤਰੀਆਂ ਨੇ ਰੱਖਿਆ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ’ਤੇ ਜ਼ੋਰ ਦਿੱਤਾ। ਸਿਖ਼ਲਾਈ, ਫ਼ੌਜੀ ਅਭਿਆਸਾਂ ਤੇ ਸਮਰੱਥਾ ’ਚ ਵਾਧੇ ਦੇ ਪੱਖਾਂ ਉਤੇ ਵਿਚਾਰ ਕੀਤਾ ਗਿਆ। ਮੰਤਰਾਲੇ ਨੇ ਕਿਹਾ ਕਿ ਜਨਰਲ ਨੂਰਲਾਨ ਨੇ ਕਜ਼ਾਖ਼ ਫ਼ੌਜ ਨੂੰ ਲਬਿਨਾਨ ਵਿਚ ਸੰਯੁਕਤ ਰਾਸ਼ਟਰ ਬਲ ਵਜੋਂ ਭਾਰਤੀ ਬਟਾਲੀਅਨ ਨਾਲ ਨਿਯੁਕਤੀ ਦਾ ਮੌਕਾ ਮਿਲਣ ’ਤੇ ਰੱਖਿਆ ਮੰਤਰੀ ਦਾ ਧੰਨਵਾਦ ਕੀਤਾ। ਵਫ਼ਦ ਪੱਧਰੀ ਗੱਲਬਾਤ ਮੌਕੇ ਰੱਖਿਆ ਸਟਾਫ਼ ਮੁਖੀ (ਸੀਡੀਐੱਸ) ਜਨਰਲ ਬਿਪਿਨ ਰਾਵਤ, ਜਲ ਸੈਨਾ ਮੁਖੀ ਐਡਮਿਰਲ ਕਰਮਬੀਰ ਸਿੰਘ, ਰੱਖਿਆ ਸਕੱਤਰ ਅਜੈ ਕੁਮਾਰ ਅਤੇ ਹੋਰ ਹਾਜ਼ਰ ਸਨ। -ਪੀਟੀਆਈ