ਤ੍ਰਿਸ਼ੂਰ, 25 ਸਤੰਬਰ
ਕਾਂਗਰਸ ਆਗੂ ਰਾਹੁਲ ਗਾਂਧੀ ਨੇ ਅੱਜ ਕੇਰਲ ਦੇ ਤ੍ਰਿਸ਼ੂਰ ਜ਼ਿਲ੍ਹੇ ਦੇ ਤਿਰੂਰ ਤੋਂ ‘ਭਾਰਤ ਜੋੜੋ ਯਾਤਰਾ’ ਮੁੜ ਤੋਂ ਸ਼ੁਰੂ ਕੀਤੀ। ਯਾਤਰਾ ’ਚ ਉਨ੍ਹਾਂ ਨਾਲ ਸ਼ਾਮਲ ਸੈਂਕੜੇ ਪਾਰਟੀ ਵਰਕਰਾਂ ਨੇ ਰਸੋਈ ਗੈਸ ਦੀਆਂ ਕੀਮਤਾਂ ’ਚ ਵਾਧੇ ਖ਼ਿਲਾਫ਼ ਗੈਸ ਸਿਲੰਡਰਾਂ ਦੇ ਆਕਾਰ ਦੇ ਕੱਟਆਊਟ ਤੇ ਬੈਨਰਾਂ ਨਾਲ ਰੋਸ ਮੁਜ਼ਾਹਰਾ ਕੀਤਾ।
ਡੇਢ ਸੌ ਦਿਨ ਤੱਕ ਚੱਲਣ ਵਾਲੀ ‘ਭਾਰਤ ਜੋੜੋ ਯਾਤਰਾ’ ਨੇ ਅੱਜ ਸਵੇਰ ਦੇ ਸੈਸ਼ਨ ’ਚ 11 ਕਿਲੋਮੀਟਰ ਦੀ ਦੂਰੀ ਤੈਅ ਕੀਤੀ ਅਤੇ ਵਡੱਕਨਚੇਰੀ ਪਹੁੰਚੀ। ਸਵੇਰ ਦੇ ਸੈਸ਼ਨ ’ਚ ਮੁਰਲੀਧਰਨ, ਕੇਸੀ ਵੇਣੂਗੋਪਾਲ, ਰਮੇਸ਼ ਚੇਨੀਥਲਾ ਤੇ ਵੀਡੀ ਸਤੀਸ਼ਨ ਸਮੇਤ ਕਾਂਗਰਸ ਦੇ ਕਈ ਸੀਨੀਅਰ ਆਗੂ ਰਾਹੁਲ ਗਾਂਧੀ ਨਾਲ ਪੈਦਲ ਯਾਤਰਾ ਕਰਦੇ ਦਿਖਾਈ ਦਿੱਤੇ। ਇਸ ਯਾਤਰਾ ’ਚ ਅੱਜ ਪਾਰਟੀ ਵਰਕਰਾਂ ਨੇ ਰਸੋਈ ਗੈਸ ਦੀਆਂ ਵਧਦੀਆਂ ਕੀਮਤਾਂ ਖ਼ਿਲਾਫ਼ ਰੋਸ ਜ਼ਾਹਿਰ ਕੀਤਾ ਤੇ ਉਨ੍ਹਾਂ ਹੱਥਾਂ ’ਚ ਗੈਸ ਸਿਲੰਡਰਾਂ ਦੀਆਂ ਵਧਦੀਆਂ ਕੀਮਤਾਂ ਸਬੰਧੀ ਤਖ਼ਤੀਆਂ ਫੜੀਆਂ ਹੋਈਆਂ ਸਨ।
ਜ਼ਿਕਰਯੋਗ ਹੈ ਕਿ ਰਾਹੁਲ ਗਾਂਧੀ ਨੇ ਬੀਤੇ ਦਿਨ ਯਾਤਰਾ ਨੂੰ ਸੰਬੋਧਨ ਕਰਦਿਆਂ ਪੈਟਰੋਲ-ਡੀਜ਼ਲ ਤੇ ਰਸੋਈ ਗੈਸ ਦੀਆਂ ਕੀਮਤਾਂ ’ਚ ਵਾਧੇ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਤਿੱਖਾ ਹਮਲਾ ਕੀਤਾ ਸੀ। ਉਨ੍ਹਾਂ ਕਿਹਾ ਸੀ ਕਿ ਜਦੋਂ ਯੂਪੀਏ ਸਰਕਾਰ ਸਮੇਂ ਗੈਸ ਸਿਲੰਡਰ ਦੀ ਕੀਮਤ 400 ਰੁਪਏ ਸੀ ਤਾਂ ਉਸ ਸਮੇਂ ਪ੍ਰਧਾਨ ਮੰਤਰੀ ਇਸ ਦੀ ਸ਼ਿਕਾਇਤ ਕਰਦੇ ਸਨ। ਅੱਜ ਗੈਸ ਸਿਲੰਡਰ ਇੱਕ ਹਜ਼ਾਰ ਰੁਪਏ ਦਾ ਹੋਣ ’ਤੇ ਵੀ ਉਹ ਕੁਝ ਨਹੀਂ ਬੋਲਦੇ। ਕਾਂਗਰਸ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਇਤਿਹਾਸਕ ਅੰਦੋਲਨ ’ਚ ਸ਼ਾਮਲ ਹੋਣ ਜੋ ਮਜ਼ਬੂਤ ਤੇ ਆਤਮ ਨਿਰਭਰ ਭਾਰਤ ਦੇ ਮੁੜ ਨਿਰਮਾਣ ਲਈ ਹੈ।
ਤ੍ਰਿਸ਼ੂਰ ’ਚ ਰਾਹੁਲ ਗਾਂਧੀ ਨੇ ਕਈ ਮਹਿਲਾਵਾਂ ਤੇ ਬੱਚਿਆਂ ਨਾਲ ਮੁਲਾਕਾਤ ਕੀਤੀ ਅਤੇ ਲੋਕਾਂ ਨੇ ਉਨ੍ਹਾਂ ਨਾਲ ਤਸਵੀਰਾਂ ਵੀ ਖਿਚਵਾਈਆਂ। ਅੱਜ ਦੀ ਯਾਤਰਾ ਜ਼ਿਲ੍ਹੇ ਦੇ ਚੇਰੂਥੁਰੁਥੀ ’ਚ ਸਮਾਪਤ ਹੋਵੇਗੀ। -ਪੀਟੀਆਈ
ਰਾਹੁਲ ਵੱਲੋਂ ਆਰਯਦਾਨ ਮੁਹੰਮਦ ਨੂੰ ਸ਼ਰਧਾਂਜਲੀ
ਵਡੱਕਨਚੇਰੀ ’ਚ ਯਾਤਰਾ ਦਾ ਸਵੇਰ ਦਾ ਸੈਸ਼ਨ ਸਮਾਪਤ ਹੋਣ ਮਗਰੋਂ ਰਾਹੁਲ ਗਾਂਧੀ ਹੈਲੀਕਾਪਟਰ ਰਾਹੀਂ ਨੀਲੰਬੁਰ ’ਚ ਕਾਂਗਰਸ ਦੇ ਸੀਨੀਅਰ ਆਗੂ ਮਰਹੂਮ ਆਰਯਦਾਨ ਮੁਹੰਮਦ ਦੀ ਰਿਹਾਇਸ਼ ’ਤੇ ਗਏ ਅਤੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਆਰਯਦਾਨ ਦਾ ਅੱਜ ਕੋਜ਼ੀਕੋੜ ਦੇ ਇੱਕ ਨਿੱਜੀ ਹਸਪਤਾਲ ’ਚ 87 ਸਾਲ ਦੀ ਉਮਰ ’ਚ ਦੇਹਾਂਤ ਹੋ ਗਿਆ ਸੀ। ਗਾਂਧੀ ਨੇ ਕਿਹਾ ਕਿ ਮੁਹੰਮਦ ਪਾਰਟੀ ਦੇ ਥੰਮ੍ਹ ਸਨ ਤੇ ਉਨ੍ਹਾਂ ਦੇ ਦੇਹਾਂਤ ਨਾਲ ਪਾਰਟੀ ਨੂੰ ਵੱਡਾ ਘਾਟਾ ਪਿਆ ਹੈ।