ਗਾਂਧੀਨਗਰ, 21 ਨਵੰਬਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਮੁਲਕ ਕਾਰਬਨ ਦੀ ਨਿਕਾਸੀ 30-35 ਪ੍ਰਤੀਸ਼ਤ ਤੱਕ ਘਟਾਉਣ ਦਾ ਯਤਨ ਕਰ ਰਿਹਾ ਹੈ। ਉਨ੍ਹਾਂ ਨਾਲ ਹੀ ਕਿਹਾ ਕਿ ਇਸ ਦਹਾਕੇ ਵਿਚ ਕੁਦਰਤੀ ਗੈਸ ਦੀ ਵਰਤੋਂ ਚਾਰ ਗੁਣਾ ਵਧਾਉਣ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਅਗਲੇ ਪੰਜ ਸਾਲਾਂ ਵਿਚ ਤੇਲ ਸੋਧਣ ਦੀ ਸਮਰੱਥਾ ਵੀ ਦੁੱਗਣੀ ਕੀਤੀ ਜਾਵੇਗੀ। ਪੰਡਿਤ ਦੀਨਦਿਆਲ ਪੈਟਰੋਲੀਅਮ ਯੂਨੀਵਰਸਿਟੀ ਦੇ ਅੱਠਵੇਂ ਡਿਗਰੀ ਵੰਡ ਸਮਾਰੋਹ ਨੂੰ ਵੀਡੀਓ ਕਾਨਫਰੰਸ ਰਾਹੀਂ ਸੰਬੋਧਨ ਕਰਦਿਆਂ ਮੋਦੀ ਨੇ ਭਰੋਸਾ ਜਤਾਇਆ ਕਿ ਦੇਸ਼ ਨਵਿਆਉਣ ਯੋਗ ਊਰਜਾ ਉਤਪਾਦਨ ਬਾਰੇ ਮਿੱਥੇ ਆਪਣੇ ਟੀਚੇ ਵੀ ‘ਸਮੇਂ ਤੋਂ ਪਹਿਲਾਂ’ ਹਾਸਲ ਕਰ ਲਏਗਾ। ਮੋਦੀ ਨੇ ਕਿਹਾ ਕਿ ਅੱਜ ਸੌਰ ਊਰਜਾ ਦੀ ਪ੍ਰਤੀ ਯੂਨਿਟ ਕੀਮਤ 12-13 ਰੁਪਏ ਤੋਂ ਦੋ ਰੁਪਏ ਤੱਕ ਆ ਗਈ ਹੈ। ਉਨ੍ਹਾਂ ਕਿਹਾ ਕਿ ਸੌਰ ਊਰਜਾ ਮੁਲਕ ਦੀ ਤਰਜੀਹ ਹੈ, 175 ਗੀਗਾਵਾਟ ਨਵਿਆਉਣ ਯੋਗ ਊਰਜਾ ਦਾ ਟੀਚਾ ਰੱਖਿਆ ਗਿਆ ਹੈ। ਪ੍ਰਧਾਨ ਮੰਤਰੀ ਨੇ ਭਰੋਸਾ ਜਤਾਇਆ ਕਿ ਇਸ ਨੂੰ 2022 ਤੋਂ ਪਹਿਲਾਂ ਹਾਸਲ ਕਰ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ 2030 ਤੋਂ ਪਹਿਲਾਂ 450 ਗੀਗਾਵਾਟ ਨਵਿਆਉਣ ਯੋਗ ਊਰਜਾ ਦਾ ਟੀਚਾ ਰੱਖਿਆ ਗਿਆ ਹੈ ਤੇ ਸਮੇਂ ਤੋਂ ਪਹਿਲਾਂ ਹੀ ਇਸ ਨੂੰ ਹਾਸਲ ਕਰ ਲਿਆ ਜਾਵੇਗਾ। ਮੋਦੀ ਨੇ ਕਿਹਾ ਕਿ ਤੇਲ ਤੇ ਗੈਸ ਸੈਕਟਰ ਵਿਚ ਇਸ ਦਹਾਕੇ ਦੌਰਾਨ ਕਰੋੜਾਂ ਰੁਪਏ ਦਾ ਨਿਵੇਸ਼ ਆਵੇਗਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਊਰਜਾ ਸੁਰੱਖਿਆ ਖੇਤਰ ਵਿਚ ਨਵੇਂ ਉੱਦਮਾਂ ਨੂੰ ਹੁਲਾਰਾ ਦੇਣ ਦੇ ਯਤਨ ਕੀਤੇ ਜਾ ਰਹੇ ਹਨ। ਇਸ ਲਈ ਵਿਸ਼ੇਸ਼ ਫੰਡ ਰੱਖਿਆ ਗਿਆ ਹੈ। -ਪੀਟੀਆਈ
ਆਰਥਿਕ ਤੇ ਊਰਜਾ ਮਹਾਸ਼ਕਤੀ ਬਣਨ ਦੇ ਮੰਤਵ ਨਾਲ ਅੱਗੇ ਵਧਣ ਦੀ ਲੋੜ: ਅੰਬਾਨੀ
ਅਹਿਮਦਾਬਾਦ/ਗਾਂਧੀਨਗਰ: ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਨੇ ਅੱਜ ਇੱਥੇ ਕਿਹਾ ਕਿ ਭਾਰਤ ਨੂੰ ਆਰਥਿਕ ਤੇ ਊਰਜਾ ਮਹਾਸ਼ਕਤੀ ਬਣਨ ਦੇ ਮੰਤਵ ਨਾਲ ਅੱਗੇ ਵਧਣ ਦੀ ਲੋੜ ਹੈ। ਪੰਡਿਤ ਦੀਨਦਿਆਲ ’ਵਰਸਿਟੀ ਦੇ ਬੋਰਡ ਆਫ਼ ਗਵਰਨਰਜ਼ ਦੇ ਪ੍ਰਧਾਨ ਅੰਬਾਨੀ ਨੇ ਕਿਹਾ ਕਿ ਉਹ ਕੋਵਿਡ ਦਾ ਦੌਰ ਗੁਜ਼ਰਨ ਮਗਰੋਂ ਭਾਰਤੀ ਆਰਥਿਕਤਾ ਵਿਚ ‘ਵੱਡੇ ਸੁਧਾਰ ਤੇ ਵਿਕਾਸ’ ਦੀ ਗੁੰਜਾਇਸ਼ ਦੇਖ ਰਹੇ ਹਨ। ਉਨ੍ਹਾਂ ਕਿਹਾ ਕਿ ਅਗਲੇ ਦੋ ਦਹਾਕਿਆਂ ਵਿਚ ਭਾਰਤ ਵਿਚ ਊਰਜਾ ਦੀ ਮੰਗ ਦੁੱਗਣੀ ਹੋ ਜਾਵੇਗੀ ਇਸ ਲਈ ਨਵੇਂ ਰਾਹ ਤਲਾਸ਼ਣਾ ਜ਼ਰੂਰੀ ਹੈ। ਮੁਕੇਸ਼ ਅੰਬਾਨੀ ਨੇ ਕਿਹਾ ਕਿ ਕਰੋਨਾ ਖ਼ਿਲਾਫ਼ ਮੁਹਿੰਮ ਵਿਚ ਭਾਰਤ ਅਹਿਮ ਪੜਾਅ ’ਤੇ ਹੈ ਤੇ ਹੁਣ ਹਥਿਆਰ ਨਹੀਂ ਸੁੱਟੇ ਜਾ ਸਕਦੇ।