ਨਵੀਂ ਦਿੱਲੀ, 29 ਸਤੰਬਰ
ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਅੱਜ ਕਿਹਾ ਕਿ ਕਈ ਖੇਤਰਾਂ ਵਿੱਚ ਭਾਰਤ ਦੀ ਅਗਵਾਈ ਨੂੰ ਹੁਣ ਚੁਣੌਤੀ ਨਹੀਂ ਦਿੱਤੀ ਜਾ ਸਕਦੀ ਅਤੇ ਦੇਸ਼ ਅਤਿਵਾਦ ਖ਼ਿਲਾਫ਼ ਲੜਾਈ ਵਿੱਚ ਅਹਿਮ ਭੂਮਿਕਾ ਨਿਭਾਅ ਰਿਹਾ ਹੈ। ਉਨ੍ਹਾਂ ਕਿਹਾ ਕਿ ਆਲਮੀ ਆਰਥਿਕ ਸਥਿਤੀ ਨੂੰ ਲੀਹ ’ਤੇ ਲਿਆਉਣਾ ਇੱਕ ਹੱਦ ਤੱਕ ਭਾਰਤ ’ਤੇ ਨਿਰਭਰ ਹੈ।
ਰਾਸ਼ਟਰਪਤੀ ਭਵਨ ਵਿੱਚ ਭਾਰਤੀ ਵਿਦੇਸ਼ ਸੇਵਾ (2021 ਬੈਚ) ਦੇ ਅਫਸਰ ਸਿਖਿਆਰਥੀਆਂ ਦੇ ਇੱਕ ਬੈਚ ਨੂੰ ਸੰਬੋਧਨ ਕਰਦਿਆਂ ਮੁਰਮੂ ਨੇ ਕਿਹਾ ਕਿ ਭਾਰਤ ਦੀ ਮਜ਼ਬੂਤ ਸਥਿਤੀ ਹੋਰ ਕਾਰਕਾਂ ਦੇ ਨਾਲ-ਨਾਲ ਇਸ ਦੇ ਆਰਥਿਕ ਪ੍ਰਦਰਸ਼ਨ ’ਤੇ ਅਧਾਰਿਤ ਹੈ। ਰਾਸ਼ਟਰਪਤੀ ਨੇ ਕਿਹਾ, “ਵਿਸ਼ਵ ਦੇ ਪ੍ਰਮੁੱਖ ਅਰਥਚਾਰੇ ਹਾਲੇ ਵੀ ਮਹਾਮਾਰੀ ਦੇ ਪ੍ਰਭਾਵਾਂ ਤੋਂ ਉਭਰਨ ਦੀ ਕੋਸ਼ਿਸ਼ ਕਰ ਰਹੇ ਹਨ ਪਰ ਭਾਰਤ ਨੇ ਇੱਕ ਵਾਰ ਫਿਰ ਖੜ੍ਹੇ ਹੋ ਕੇ ਅੱਗੇ ਵਧਣਾ ਸ਼ੁਰੂ ਕਰ ਦਿੱਤਾ ਹੈ। ਨਤੀਜੇ ਵਜੋਂ ਭਾਰਤੀ ਅਰਥਵਿਵਸਥਾ ਸਭ ਤੋਂ ਤੇਜ਼ੀ ਨਾਲ ਵਧ ਰਹੀ ਅਰਥਵਿਵਸਥਾ ਵਜੋਂ ਉਭਰੀ ਹੈ। ਅਸਲ ਵਿੱਚ ਆਲਮੀ ਆਰਥਿਕ ਸਥਿਤੀ ਨੂੰ ਲੀਹ ’ਤੇ ਲਿਆਉਣਾ ਇੱਕ ਹੱਦ ਤੱਕ ਭਾਰਤ ’ਤੇ ਨਿਰਭਰ ਹੋ ਗਿਆ ਹੈ।’’
ਮੁਰਮੂ ਨੇ ਸਿਖਿਆਰਥੀ ਅਧਿਕਾਰੀਆਂ ਨੂੰ ਕਿਹਾ ਕਿ ਉਨ੍ਹਾਂ ਦਾ ਤਜਰਬਾ ਹੋਰ ਵੀ ਰੋਮਾਂਚਕ ਹੋਣ ਵਾਲਾ ਹੈ ਕਿਉਂਕਿ ਉਹ ਅਜਿਹੇ ਸਮੇਂ ਵਿੱਚ ਵਿਦੇਸ਼ ਸੇਵਾ ਵਿੱਚ ਆਪਣਾ ਕਰੀਅਰ ਸ਼ੁਰੂ ਕਰ ਰਹੇ ਹਨ ਜਦੋਂ ਭਾਰਤ ਇੱਕ ਨਵੇਂ ਆਤਮਵਿਸ਼ਵਾਸ ਨਾਲ ਆਲਮੀ ਮੰਚ ’ਤੇ ਉਭਰਿਆ ਹੈ। ਰਾਸ਼ਟਰਪਤੀ ਨੇ ਕਿਹਾ, ‘‘ਭਾਰਤ ਨੇ ਕਈ ਆਲਮੀ ਮੰਚਾਂ ’ਤੇ ਫੈਸਲਾਕੁਨ ਕਦਮ ਚੁੱਕੇ ਹਨ। ਕਈ ਖੇਤਰਾਂ ਵਿੱਚ ਭਾਰਤ ਦੀ ਅਗਵਾਈ ਨੂੰ ਹੁਣ ਚੁਣੌਤੀ ਨਹੀਂ ਦਿੱਤੀ ਜਾ ਸਕਦੀ। ਭਾਰਤ ਹੁਣ ਅਤਿਵਾਦ ਖ਼ਿਲਾਫ਼ ਲੜਾਈ ਵਿੱਚ ਵੀ ਮੋਹਰੀ ਰਾਸ਼ਟਰ ਵਜੋਂ ਅਹਿਮ ਭੂਮਿਕਾ ਨਿਭਾਅ ਰਿਹਾ ਹੈ।” -ਪੀਟੀਆਈ