ਨਵੀਂ ਦਿੱਲੀ, 9 ਸਤੰਬਰ
ਫਰਾਂਸ ਨੇ ਭਾਰਤ ਨੂੰ ਏਸ਼ੀਆ ’ਚ ਮੁਲਕ ਦਾ ਮੋਹਰੀ ਰਣਨੀਤਕ ਭਾਈਵਾਲ ਗਰਦਾਨਦਿਆਂ ਕਿਹਾ ਕਿ ਰੱਖਿਆ ਮੰਤਰੀ ਫਲੋਰੈਂਸ ਪਾਰਲੀ ਦੇ ਦੌਰੇ ਨਾਲ ਰੱਖਿਆ ਸਹਿਯੋਗ ’ਚ ਹੋਰ ਮਜ਼ਬੂਤੀ ਆਵੇਗੀ। ਪਾਰਲੀ ਭਲਕੇ ਭਾਰਤ ਆ ਰਹੀ ਹੈ ਅਤੇ ਉਹ ਅੰਬਾਲਾ ’ਚ ਰਾਫਾਲ ਜੈੱਟਾਂ ਨੂੰ ਭਾਰਤੀ ਹਵਾਈ ਸੈਨਾ ’ਚ ਸ਼ਾਮਲ ਕੀਤੇ ਜਾਣ ਵਾਲੇ ਸਮਾਗਮ ’ਚ ਹਾਜ਼ਰੀ ਭਰਨਗੇ। ਫਰਾਂਸੀਸੀ ਰੱਖਿਆ ਮੰਤਰੀ ਆਪਣੇ ਭਾਰਤੀ ਹਮਰੁਤਬਾ ਰਾਜਨਾਥ ਸਿੰਘ ਅਤੇ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨਾਲ ਵੀ ਗੱਲਬਾਤ ਕਰੇਗੀ। ਰੱਖਿਆ ਮੰਤਰਾਲੇ ਦੇ ਤਰਜਮਾਨ ਨੇ ਕਿਹਾ ਕਿ ਪਾਰਲੀ ਨੂੰ ਦਿੱਲੀ ਪੁੱਜਣ ’ਤੇ ਗਾਰਡ ਆਫ਼ ਆਨਰ ਦਿੱਤਾ ਜਾਵੇਗਾ। ਫਰਾਂਸੀਸੀ ਸਫ਼ਾਰਤਖ਼ਾਨੇ ਨੇ ਬਿਆਨ ’ਚ ਕਿਹਾ ਕਿ ਗੱਲਬਾਤ ਹਿੰਦ-ਪ੍ਰਸ਼ਾਂਤ ਸਾਗਰ ਖ਼ਿੱਤੇ ’ਚ ਸਮੁੰਦਰੀ ਸੁਰੱਖਿਆ ਦੇ ਰਿਸ਼ਤਿਆਂ, ਅਤਿਵਾਦ ਖਿਲਾਫ਼ ਟਾਕਰੇ ’ਚ ਸਹਿਯੋਗ ਅਤੇ ਦੁਵੱਲੀ ਰੱਖਿਆ ਭਾਈਵਾਲੀ ਨੂੰ ਮਜ਼ਬੂਤ ਬਣਾਉਣ ’ਤੇ ਕੇਂਦਰਤ ਰਹੇਗੀ। ਪਾਰਲੀ ਦਾ ਇਹ 2017 ਤੋਂ ਬਾਅਦ ਭਾਰਤ ਦਾ ਤੀਜਾ ਦੌਰਾ ਹੈ। ਕਰੋਨਾ ਮਹਾਮਾਰੀ ਤੋਂ ਬਾਅਦ ਉਨ੍ਹਾਂ ਦਾ ਇਹ ਪਹਿਲਾ ਵਿਦੇਸ਼ ਦੌਰਾ ਹੈ। ਉਹ ਕੌਮੀ ਜੰਗੀ ਯਾਦਗਾਰ ’ਤੇ ਸ਼ਹੀਦ ਜਵਾਨਾਂ ਨੂੰ ਸ਼ਰਧਾ ਦੇ ਫੁੱਲ ਵੀ ਭੇਟ ਕਰਨਗੇ। ਉਨ੍ਹਾਂ ਨਾਲ ਦਾਸੌ ਏਵੀਏਸ਼ਨ ਦੇ ਸੀਨੀਅਰ ਅਧਿਕਾਰੀਆਂ ਸਮੇਤ ਹੋਰ ਕੰਪਨੀਆਂ ਦੇ ਨੁਮਾਇੰਦੇ ਵੀ ਆ ਰਹੇ ਹਨ।
-ਪੀਟੀਆਈ