ਨਵੀਂ ਦਿੱਲੀ/ਬਰਨ, 28 ਜੂਨ
ਆਰਥਿਕ ਸਹਿਯੋਗ ਤੇ ਵਿਕਾਸ ਸੰਗਠਨ (ਓਈਸੀਡੀ) ਦੇ ਇਕ ਵਿਸ਼ਵ ਪੱਧਰੀ ਮੰਚ ਨੇ ਆਪਣੇ ਸੱਜਰੇ ਸਰਵੇਖਣ ਵਿੱਚ ਕਿਹਾ ਹੈ ਕਿ ਭਾਰਤ, ਸਵਿਟਜ਼ਰਲੈਂਡ ਤੋਂ ਆਪਣੇ ਦੇਸ਼ ਵਾਸੀਆਂ ਦੇ ਬੈਂਕ ਖਾਤਿਆਂ ਅਤੇ ਉਨ੍ਹਾਂ ਵੱਲੋਂ ਸਥਾਪਤ ਸੰਸਥਾਵਾਂ ਦੀ ਲਾਭਪਾਤਰੀ ਮਲਕੀਅਤ ਬਾਰੇ ਜਾਣਕਾਰੀ ਹਾਸਲ ਕਰਨ ਵਾਲੇ ਤਿੰਨ ਸਭ ਤੋਂ ਮੋਹਰੀ ਦੇਸ਼ਾਂ ਵਿੱਚ ਸ਼ਾਮਲ ਹੈ। ਓਈਸੀਡੀ ਦੇ ਇਸ ਸਰਵੇਖਣ ਦਾ ਮਕਸਦ ਟੈਕਸ ਮਾਮਲਿਆਂ ’ਚ ਸੂਚਨਾਵਾਂ ਦੀ ਪਾਰਦਰਸ਼ਤਾ ਅਤੇ ਲੈਣ-ਦੇਣ ਨੂੰ ਬੜ੍ਹਾਵਾ ਦੇਣਾ ਹੈ।
ਇਸ ਵਿਸ਼ਵ ਪੱਧਰੀ ਮੰਚ ਦੀ ਜੁਲਾਈ 2015 ਤੋਂ ਜੂਨ 2018 ਦੀ ਨਵੀਂ ਸਮੀਖਿਆ ਵਿੱਚ ਭਾਰਤ ਨੂੰ ਸਿਖ਼ਰਲੇ ਤਿੰਨ ਦੇਸ਼ਾਂ ਵਿੱਚ ਸ਼ਾਮਲ ਕੀਤਾ ਗਿਆ ਹੈ, ਜਿਨ੍ਹਾਂ ਦੀ ਅਪੀਲ ’ਤੇ ਸਵਿਟਜ਼ਰਲੈਂਡ ਨੇ ਜਾਣਕਾਰੀ ਮੁਹੱਈਆ ਕੀਤੀ। ਮੋਹਰੀ ਦੇਸ਼ਾਂ ਵਿੱਚ ਬਾਕੀ ਦੋ ਦੇਸ਼ ਫਰਾਂਸ ਤੇ ਜਰਮਨੀ ਹਨ। ਇਸ ਸਮੀਖਿਆ ਵਿੱਚ ਇਟਲੀ, ਨੈਦਰਜ਼ਲੈਂਡਜ਼ ਤੇ ਸਪੇਨ ਦਾ ਨਾਂ ਵੀ ਲਿਆ ਗਿਆ ਹੈ ਜੋ ਸੂਚਨਾਵਾਂ ਦੇ ਲੈਣ-ਦੇਣ ਵਿੱਚ ਸਵਿਟਜ਼ਰਲੈਂਡ ਦੇ ਭਾਈਵਾਲ ਹਨ। ਵਿਸ਼ਵ ਪੱਧਰੀ ਮੰਚ ਨੇ ਸੂਚਨਾਵਾਂ ਦੇ ਲੈਣ-ਦੇਣ ’ਤੇ ਆਪਣੀ ਨਵੀਂ ਸਮੀਖਿਆ ਰਿਪੋਰਟ ਵਿੱਚ ਦੁਨੀਆ ਭਰ ਦੇ ਦੇਸ਼ਾਂ ਵੱਲੋਂ ਮੰਗਵਾਈਆਂ ਗਈਆਂ ਸੂਚਨਾਵਾਂ ਅਤੇ ਉਸ ’ਤੇ ਕਾਰਵਾਈ ਦਾ ਅਧਿਐਨ ਕੀਤਾ ਗਿਆ ਹੈ। -ਪੀਟੀਆਈ