ਨਵੀਂ ਦਿੱਲੀ, 19 ਅਕਤੂਬਰ
ਨੀਤੀ ਆਯੋਗ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਅਮਿਤਾਭ ਕਾਂਤ ਨੇ ਅੱਜ ਕਿਹਾ ਕਿ ਟਿਕਾਊ ਵਿਕਾਸ ਅਤੇ ਕਾਰਬਨ ਨੂੰ ਘਟਾਉਣ ਦੀ ਦਿਸ਼ਾ ਵਿੱਚ ਭਾਰਤ ਦੇ ਯਤਨ ਦੁਨੀਆ ਦੇ ਹੋਰ ਦੇਸ਼ਾਂ ਨੂੰ ਵੀ ਪ੍ਰੇਰਿਤ ਕਰਨੇ ਚਾਹੀਦੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਭਾਰਤ ਇਕਲੌਤਾ ਜੀ-20 ਦੇਸ਼ ਹੈ, ਜੋ ਪੈਰਿਸ ਸਮਝੌਤੇ ਤਹਿਤ ਤੈਅ ਟੀਚਿਆਂ ਨੂੰ ਹਾਸਲ ਕਰਨ ਦੀ ਲੀਹ ’ਤੇ ਹੈ। ‘ਸਨਾਈਡਰ ਇਨੋਵੇਸ਼ਨ ਇੰਡੀਆ ਸਮਿਟ-2021’ ਨੂੰ ਵਰਚੁਅਲੀ ਸੰਬੋਧਨ ਕਰਦਿਆਂ ਕਾਂਤ ਨੇ ਕਿਹਾ ਕਿ ਭਾਰਤ ਨੇ ਇਲੈਕਟ੍ਰਿਕ ਵਾਹਨ ਨੂੰ ਤੇਜ਼ੀ ਨਾਲ ਅਪਣਾਉਣ ਦੀ ਨੀਤੀ ਪੇਸ਼ ਕੀਤੀ ਹੈ। ਇਸ ਨਾਲ ਦੇਸ਼ ਵਿੱਚ ਸਵੱਛ ਵਾਹਨ ਦੀ ਦਿਸ਼ਾ ਵਿੱਚ ਬਦਲਾਅ ਨੂੰ ਬਲ ਮਿਲ ਰਿਹਾ ਹੈ। ਉਨ੍ਹਾਂ ਕਿਹਾ, ‘‘ਟਿਕਾਊ ਵਿਕਾਸ ਅਤੇ ਕਾਰਬਨ ਨੂੰ ਘਟਾਉਣ ਦੀ ਦਿਸ਼ਾ ਵੱਲ ਸਾਡੇ ਯਤਨ ਦੁਨੀਆ ਦੇ ਹੋਰ ਦੇਸ਼ਾਂ ਨੂੰ ਪ੍ਰੇਰਿਤ ਕਰਨ ਵਾਲੇ ਹਨ।’’ ਕਾਂਤ ਨੇ ਕਿਹਾ, ‘‘ਜਦੋਂ ਅਸੀਂ ਟਿਕਾਊ ਵਿਕਾਸ ਅਤੇ ਹਰੇ-ਭਰੇ ਤੇ ਸਵੱਛ ਭਵਿੱਖ ਦੀ ਗੱਲ ਕਰਦੇ ਹਾਂ ਤਾਂ ਕੋਈ ਵੀ ਵਾਤਾਵਰਨ ਤਬਦੀਲੀ ਦੀ ਚੁਣੌਤੀ ਨੂੰ ਨਜ਼ਰਅੰਦਾਜ਼ ਨਹੀਂ ਕਰ ਸਕਦਾ।’’ ਉਨ੍ਹਾਂ ਜ਼ੋਰ ਦਿੱਤਾ, ‘‘ਭਾਰਤ ਮੌਜੂਦਾ ਹਾਲਾਤ ਲਈ ਜ਼ਿੰਮੇਵਾਰ ਨਹੀਂ ਹੈ। ਸੱਚਾਈ ਇਹ ਹੈ ਕਿ ਭਾਰਤ ਹੀ ਇਕਲੌਤਾ ਜੀ-20 ਦੇਸ਼ ਹੈ, ਜੋ ਕਾਰਬਨ ਨੂੰ ਘਟਾਉਣ ਲਈ ਕੌਮੀ ਪੱਧਰ ’ਤੇ ਨਿਰਧਾਰਿਤ ਯੋਗਦਾਨ ਨੂੰ ਹਾਸਲ ਕਰਨ ਦੇ ਰਾਹ ’ਤੇ ਹੈ।’’ -ਪੀਟੀਆਈ