ਨਵੀਂ ਦਿੱਲੀ, 22 ਅਕਤੂਬਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਦਸ ਲੱਖ ਲੋਕਾਂ ਨੂੰ ਨੌਕਰੀਆਂ ਦੇਣ ਲਈ ‘ਰੁਜ਼ਗਾਰ ਮੇਲਾ’ ਲਾਂਚ ਕੀਤਾ। ਇਸ ਰਾਹੀਂ ਸਰਕਾਰ ਵੱਲੋਂ ਪਿਛਲੇ ਅੱਠ ਸਾਲਾਂ ਦੌਰਾਨ ਨੌਕਰੀਆਂ ਪੈਦਾ ਕਰਨ ਲਈ ਕੀਤੇ ਯਤਨਾਂ ਨੂੰ ਵੀ ਉਭਾਰਿਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਵਿਰੋਧੀ ਧਿਰ ਲਗਾਤਾਰ ਬੇਰੁਜ਼ਗਾਰੀ ਦੇ ਮੁੱਦੇ ’ਤੇ ਸਰਕਾਰ ਨੂੰ ਨਿਸ਼ਾਨਾ ਬਣਾ ਰਹੀ ਹੈ। ਪਹਿਲੇ ਗੇੜ ਵਿਚ 75 ਹਜ਼ਾਰ ਤੋਂ ਵੱਧ ਲੋਕਾਂ ਨੂੰ ਨਿਯੁਕਤੀ ਪੱਤਰ ਸੌਂਪਣ ਤੋਂ ਬਾਅਦ ਭਾਸ਼ਣ ਦਿੰਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਮੰਨਿਆ ਕਿ ਅਰਥਚਾਰੇ ਅੱਗੇ ਚੁਣੌਤੀਆਂ ਹਨ ਤੇ ਪੂਰੀ ਦੁਨੀਆ ਵਿਚ ਕਈ ਦੇਸ਼ ਰਿਕਾਰਡ ਮਹਿੰਗਾਈ ਦੀ ਮਾਰ ਝੱਲ ਰਹੇ ਹਨ। ਉਨ੍ਹਾਂ ਕਿਹਾ ਕਿ ਭਾਰਤ ਇਸ ਸਥਿਤੀ ਵਿਚੋਂ ਨਿਕਲਣ ਦਾ ਹਰ ਸੰਭਵ ਯਤਨ ਕਰ ਰਿਹਾ ਹੈ। ਪ੍ਰਧਾਨ ਮੰਤਰੀ ਨੇ ਕਿਹਾ, ‘ਇਹ ਸੱਚ ਹੈ ਕਿ ਆਲਮੀ ਪੱਧਰ ’ਤੇ ਹਾਲਾਤ ਬਹੁਤੇ ਚੰਗੇ ਨਹੀਂ ਹਨ। ਕਈ ਵੱਡੇ ਅਰਥਚਾਰੇ ਸੰਘਰਸ਼ ਕਰ ਰਹੇ ਹਨ। ਕਈ ਮੁਲਕਾਂ ਵਿਚ ਮਹਿੰਗਾਈ ਤੇ ਬੇਰੁਜ਼ਗਾਰੀ ਸਿਖ਼ਰਾਂ ਉਤੇ ਹੈ।’ -ਪੀਟੀਆਈ