ਨਵੀਂ ਦਿੱਲੀ, 28 ਦਸੰਬਰ
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਕਿਹਾ ਕਿ ਭਾਰਤ ਵਿਚ ਮਹਾਸ਼ਕਤੀ ਬਣਨ ਦੀ ਸਮਰੱਥਾ ਹੈ ਤੇ ਦੇਸ਼ ਨੂੰ ਸਿੱਖਿਆ, ਸਿਹਤ ਤੇ ਸਨਅਤੀ ਖੇਤਰਾਂ ਵਿਚ ਮਹੱਤਵਪੂਰਨ ਪ੍ਰਾਪਤੀਆਂ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਇਤਿਹਾਸ ਗਵਾਹ ਹੈ ਕਿ ਕੁਝ ਪੁਰਾਤਨ ਭਾਰਤੀ ਵਿਗਿਆਨੀਆਂ ਨੇ ਪੱਛਮੀ ਮੁਲਕਾਂ ਨਾਲੋਂ ਪਹਿਲਾਂ ਅਹਿਮ ਖੋਜਾਂ ਕੀਤੀਆਂ ਸਨ। ਆਈਆਈਐਮ-ਰਾਂਚੀ ਦੇ ਡਿਗਰੀ ਵੰਡ ਸਮਾਰੋਹ ਨੂੰ ਆਨਲਾਈਨ ਸੰਬੋਧਨ ਕਰਦਿਆਂ ਰੱਖਿਆ ਮੰਤਰੀ ਨੇ ਕਿਹਾ ਕਿ ‘ਧਰਤੀ ਦੇ ਗੋਲ ਹੋਣ ਬਾਰੇ ਤੇ ਇਸ ਦੇ ਆਪਣੀ ਧੁਰੀ ਦੁਆਲੇ ਘੁੰਮਦੇ ਹੋਣ ਬਾਰੇ ਆਰਿਆਭੱਟ ਨੇ ਜਰਮਨ ਖ਼ਗੋਲ ਵਿਗਿਆਨੀ ਕੌਪਰਨਿਕਸ ਤੋਂ ਹਜ਼ਾਰ ਸਾਲ ਪਹਿਲਾਂ ਹੀ ਦੱਸ ਦਿੱਤਾ ਸੀ।’ ਉਨ੍ਹਾਂ ਕਿਹਾ ‘ਅਸੀਂ ਦੇਸ਼ ਨੂੰ ਮਹਾਸ਼ਕਤੀ ਬਣਾਉਣਾ ਚਾਹੁੰਦੇ ਹਾਂ, ਇਸ ਲਈ ਸਿੱਖਿਆ, ਸਿਹਤ ਤੇ ਉਦਯੋਗਿਕ ਖੇਤਰਾਂ ਵਿਚ ਵੱਡੀਆਂ ਮੱਲਾਂ ਮਾਰਨ ਦੀ ਲੋੜ ਹੈ। ਇਨ੍ਹਾਂ ਖੇਤਰਾਂ ਵਿਚ ਦੇਸ਼ ਦੀ ਸਮਰੱਥਾ ਹਾਲੇ ਪੂਰੀ ਤਰ੍ਹਾਂ ਪਰਖ਼ੀ ਨਹੀਂ ਗਈ ਹੈ।’ ਉਨ੍ਹਾਂ ਕਿਹਾ ਕਿ ਮਹਾਸ਼ਕਤੀ ਬਣਨ ਲਈ ਦੇਸ਼ ਦੇ ਸਾਰੇ ਸੂਬਿਆਂ ਵਿਚ ਵਿਕਾਸ ਦੀ ਸਮਰੱਥਾ ਦੀ ਸ਼ਨਾਖ਼ਤ ਕਰ ਕੇ ਇਸ ਨੂੰ ਸਾਂਭਣ ਦੀ ਲੋੜ ਹੈ। ਰੱਖਿਆ ਮੰਤਰੀ ਨੇ ਕਿਹਾ ਕਿ ਦੇਸ਼ ਦੇ ਨੌਜਵਾਨ ਹਰ ਚੁਣੌਤੀ ਨਾਲ ਨਜਿੱਠਣ ਦੇ ਯੋਗ ਹਨ ਤੇ ਚੁਣੌਤੀਆਂ ਨੂੰ ਮੌਕਿਆਂ ਵਿਚ ਤਬਦੀਲ ਕਰ ਸਕਦੇ ਹਨ। ਉਨ੍ਹਾਂ ਵਿਦਿਆਰਥੀਆਂ ਨੂੰ ‘ਨਵੇਂ ਭਾਰਤ’ ਦੇ ਨਿਰਮਾਣ ਵਿਚ ਅਹਿਮ ਯੋਗਦਾਨ ਦੇਣ ਲਈ ਪ੍ਰੇਰਿਆ। ਰਾਜਨਾਥ ਨੇ ਕਿਹਾ ਕਿ ਆਧੁਨਿਕ ਸਿੱਖਿਆ ਲਈ ਸ਼ਾਨਦਾਰ ਇਤਿਹਾਸ ਤੋਂ ਪ੍ਰੇਰਣਾ ਲਈ ਜਾ ਸਕਦੀ ਹੈ। -ਪੀਟੀਆਈ