ਜਨੇਵਾ, 7 ਅਕਤੂਬਰ
ਮੁੱਖ ਅੰਸ਼
- ਮਤੇ ਦੇ ਹੱਕ ’ਚ 17 ਤੇ ਵਿਰੋਧ ’ਚ 19 ਵੋਟਾਂ ਪਈਆਂ
ਸੰਯੁਕਤ ਰਾਸ਼ਟਰ ਦੀ ਮਨੁੱਖੀ ਹੱਕਾਂ ਬਾਰੇ ਕੌਂਸਲ ਨੇ ਪੱਛਮੀ ਮੁਲਕਾਂ ਵੱਲੋਂ ਚੀਨ ’ਚ ਉਈਗਰ ਤੇ ਹੋਰਨਾਂ ਮੁਸਲਿਮ ਭਾਈਚਾਰਿਆਂ ਦੇ ਮਨੁੱਖੀ ਅਧਿਕਾਰਾਂ ਦੀ ਕਥਿਤ ਉਲੰਘਣਾ ਬਾਰੇ ਪੇਸ਼ ਮਤੇ ਨੂੰ ਰੱਦ ਕਰ ਦਿੱਤਾ। ਮਤੇ ਦੇ ਹੱਕ ਵਿੱਚ 19 ਤੇ ਵਿਰੋਧ ਵਿੱਚ 17 ਵੋਟਾਂ ਪਈਆਂ ਜਦੋਂਕਿ ਭਾਰਤ ਸਣੇ 11 ਮੁਲਕ ਵੋਟਿੰਗ ਦੌਰਾਨ ਗ਼ੈਰਹਾਜ਼ਰ ਰਹੇ। ਪਾਕਿਸਤਾਨ ਸਣੇ ਹੋਰਨਾਂ ਮੁਸਲਿਮ ਮੁਲਕਾਂ ਨੇ ਮਤੇ ਨੂੰ ਖਾਰਜ ਕਰ ਦਿੱੱਤਾ। ਕੌਂਸਲ ਦੇ 16 ਸਾਲਾਂ ਦੇ ਇਤਿਹਾਸ ਵਿੱਚ ਦੂਜੀ ਵਾਰ ਹੈ ਜਦੋਂ ਕੋਈ ਮਤਾ ਰੱਦ ਹੋਇਆ ਹੈ। ਇਸ ਪੇਸ਼ਕਦਮੀ ਨੂੰ ਪੇਈਚਿੰਗ ਦੀ ਵੱਡੀ ਜਿੱਤ ਜਦੋਂਕਿ ਤਿੰਨ ਵੋਟਾਂ ਦੀ ਮਾਮੂਲੀ ਹਾਰ ਨੂੰ ਪੱਛਮੀ ਮੁਲਕਾਂ ਤੇ ਸੰਯੁਕਤ ਰਾਸ਼ਟਰ ਦੀ ਭਰੋਸੇਯੋਗਤਾ ਲਈ ਵੱਡੇ ਝਟਕੇ ਵਜੋਂ ਵੇਖਿਆ ਜਾ ਰਿਹਾ ਹੈ।
ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਕੌਂਸਲ ਵਿਚ ਚੀਨ ਖਿਲਾਫ਼ ਮਤਾ ਲਿਆਉਣ ਵਿੱਚ ਅਮਰੀਕਾ, ਕੈਨੇਡਾ ਤੇ ਬਰਤਾਨੀਆ ਦੀ ਅਹਿਮ ਭੂਮਿਕਾ ਸੀ। ਵਿਸ਼ਵ ਉਈਗਰ ਕਾਂਗਰਸ ਦੇ ਪ੍ਰਧਾਨ ਡੋਲਕਲ ਈਸਾ, ਜਿਸ ਦੀ ਮਾਂ ਦੀ ਸ਼ਰਨਾਰਥੀ ਕੈਂਪ ਵਿੱਚ ਮੌਤ ਹੋ ਗਈ ਸੀ ਤੇ ਦੋ ਭਰਾ ਲਾਪਤਾ ਹਨ, ਨੇ ਮਤਾ ਰੱਦ ਹੋਣ ਦੇ ਹਵਾਲੇ ਨਾਲ ਕਿਹਾ, ‘‘ਇਹ ਆਫ਼ਤ ਹੈ। ਇਹ ਸੱਚਮੁੱਚ ਅਫਸੋਸਨਾਕ ਹੈ।’’ ਈਸਾ ਨੇ ਕਿਹਾ, ‘‘ਅਸੀਂ ਹਾਰ ਨਹੀਂ ਮੰਨਾਂਗੇ, ਪਰ ਅਸੀਂ ਮੁਸਲਿਮ ਮੁਲਕਾਂ ਦੇ ਪ੍ਰਤੀਕਰਮ ਤੋਂ ਸੱਚਮੁੱਚ ਨਿਰਾਸ਼ ਹਾਂ।’’ ਕਤਰ, ਇੰਡੋਨੇਸ਼ੀਆ, ਸੰਯੁਕਤ ਅਰਬ ਅਮੀਰਾਤ ਤੇ ਪਾਕਿਸਤਾਨ ਨੇ ਮਤੇ ਨੂੰ ਰੱਦ ਕਰ ਦਿੱਤਾ। ਮਨੁੱਖੀ ਅਧਿਕਾਰਾਂ ਬਾਰੇ ਕੌਮਾਂਤਰੀ ਸੇਵਾ ਦੇ ਡਾਇਰੈਕਟਰ ਫਿਲ ਲਿੰਚ ਨੇ ਟਵਿੱਟਰ ’ਤੇ ਵੋਟਿੰਗ ਰਿਕਾਰਡ ਨੂੰ ‘ਸ਼ਰਮਨਾਕ’ ਕਰਾਰ ਦਿੱਤਾ।
ਉਧਰ ਚੀਨੀ ਵਿਦੇਸ਼ ਮੰਤਰਾਲੇ ਨੇ ਵੀਰਵਾਰ ਦੇਰ ਰਾਤ ਨੂੰ ਕਿਹਾ, ‘‘ਸ਼ਿਨਜਿਆਂਗ ਨਾਲ ਜੁੜੇ ਮਸਲੇ ਕਿਸੇ ਵੀ ਤਰ੍ਹਾਂ ਮਨੁੱਖੀ ਹੱਕਾਂ ਦੀ ਉਲੰਘਣਾ ਨਹੀਂ, ਬਲਕਿ ਅਤਿਵਾਦ ਦੇ ਟਾਕਰੇ ਅਤੇ ਕੱਟੜਵਾਦ ਤੇ ਵੱਖਵਾਦ ਦੇ ਵਿਰੋਧ ਨਾਲ ਜੁੜੇ ਮਸਲੇ ਹਨ। ਵਿਦੇਸ਼ ਮੰਤਰਾਲੇ ਨੇ ਆਪਣੀ ਅਧਿਕਾਰਤ ਵੈੱਬਸਾਈਟ ’ਤੇ ਪਾਈ ਪੋਸਟ ਵਿੱਚ ਕਿਹਾ ਕਿ ਅਸਲ ਵਿੱਚ ਮਤਾ ਅਮਰੀਕਾ ਤੇ ਕੁਝ ਹੋਰਨਾਂ ਪੱਛਮੀ ਮੁਲਕਾਂ ਵੱਲੋਂ ‘ਮਨੁੱਖੀ ਹੱਕਾਂ ਬਾਰੇੇ ਜਥੇਬੰਦੀ ਜ਼ਰੀਏ ਚੀਨ ਦੇ ਅੰਦਰੂਨੀ ਮਾਮਲਿਆਂ ਵਿੱਚ ਦਖ਼ਲ ਦੇਣ ਦਾ ਯਤਨ ਸੀ।’ -ਰਾਇਟਰਜ਼
ਅਜਿਹੇ ਮਤੇ ਮਦਦਗਾਰ ਨਹੀਂ ਹੁੰਦੇ, ਆਪਣੇ ਸਟੈਂਡ ਮੁਤਾਬਕ ਫੈਸਲਾ ਲਿਆ: ਵਿਦੇਸ਼ ਮੰਤਰਾਲਾ
ਨਵੀਂ ਦਿੱਲੀ (ਟਨਸ): ਵਿਦੇਸ਼ ਮੰਤਰਾਲੇ ਨੇ ਯੂਐੱਨ ਮਨੁੱਖੀ ਅਧਿਕਾਰ ਕੌਂਸਲ ਵਿੱਚ ਚੀਨ ਖਿਲਾਫ਼ ਪੇਸ਼ ਮਤੇ ’ਤੇ ਵੋਟਿੰਗ ਦੌਰਾਨ ਭਾਰਤ ਦੀ ਗ਼ੈਰਹਾਜ਼ਰੀ ਬਾਰੇ ਸਫ਼ਾਈ ਦਿੰਦਿਆਂ ਕਿਹਾ ਕਿ ਕਿਸੇ ਵਿਸ਼ੇਸ਼ ਮੁਲਕ ਖਿਲਾਫ਼ ਸੇਧਿਤ ਅਜਿਹੇ ਮਤੇ ਕਦੇ ਮਦਦਗਾਰ ਨਹੀਂ ਹੁੰਦੇ ਤੇ ਭਾਰਤ ਅਜਿਹੇ ਮਸਲਿਆਂ ਨੂੰ ਸੰਵਾਦ ਰਾਹੀਂ ਹੱਲ ਕਰਨ ਦਾ ਹਾਮੀ ਹੈ। ਲਿਹਾਜ਼ਾ ਭਾਰਤ ਨੇ ਆਪਣੇ ਪੁਰਾਣੇ ਸਟੈਂਡ ਮੁਤਾਬਕ ਹੀ ਵੋਟਿੰਗ ਦੌਰਾਨ ਗੈਰਹਾਜ਼ਰ ਰਹਿਣ ਦਾ ਫੈਸਲਾ ਲਿਆ ਸੀ।