ਬੰਗਲੂਰੂ, 29 ਅਪਰੈਲ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਭਾਰਤ ਇੱਕ ਮਜ਼ਬੂਤ ਅਰਥਚਾਰੇ ਵੱਲ ਵੱਧ ਰਿਹਾ ਹੈ ਅਤੇ ਦੇਸ਼ ’ਚ ਸੈਮੀ ਕੰਡਕਟਰਾਂ ਦੀ ਖਪਤ 2030 ਤੱਕ 110 ਅਰਬ ਡਾਲਰ ਤੋਂ ਪਾਰ ਹੋਣ ਦੀ ਉਮੀਦ ਹੈ ਅਤੇ ਇਹ ਦੁਨੀਆ ਦਾ ਸਭ ਤੋਂ ਤੇਜ਼ੀ ਨਾਲ ਵੱਧਦਾ ਸਟਾਰਟਅੱਪ ‘ਈਕੋ ਸਿਸਟਮ’ ਹੈ। ਉਨ੍ਹਾਂ ਕਿਹਾ ਕਿ ਭਾਰਤ ਅਗਲੀ ਤਕਨੀਕੀ ਕ੍ਰਾਂਤੀ ਦੀ ਅਗਵਾਈ ਕਰਨ ਲਈ ਤਿਆਰ ਹੈ ਅਤੇ ਹੋਰਨਾਂ ਚੀਜ਼ਾਂ ਦੇ ਨਾਲ ਹੀ 5ਜੀ ਸਮਰੱਥਾ ਨੂੰ ਵਿਕਸਤ ਕਰਨ ਲਈ ਨਿਵੇਸ਼ ਕੀਤਾ ਜਾ ਰਿਹਾ ਹੈ।
ਇੱਥੇ ਸੈਮੀਕਾਨ ਇੰਡੀਆ-2022 ਸੰਮੇਲਨ ਦੇ ਉਦਘਾਟਨੀ ਸੈਸ਼ਨ ’ਚ ਮੋਦੀ ਨੇ ਕਿਹਾ, ‘ਅਸੀਂ ਭਾਰਤ ਲਈ ਅਗਲੀ ਤਕਨੀਕੀ ਕ੍ਰਾਂਤੀ ਦੀ ਅਗਵਾਈ ਕਰਨ ਦਾ ਰਾਹ ਤਿਆਰ ਕਰ ਰਹੇ ਹਾਂ। ਅਸੀਂ ਛੇ ਲੱਖ ਪਿੰਡਾਂ ਨੂੰ ਬ੍ਰਾਡਬੈਂਡ ਨਾਲ ਜੋੜਨ ਦੀ ਰਾਹ ’ਤੇ ਹਾਂ। ਅਸੀਂ 5ਜੀ, ਇੰਟਰਨੈੱਟ ਆਫ ਥਿੰਗਸ ਅਤੇ ਸਵੱਛ ਊਰਜਾ ਤਕਨੀਕ ’ਚ ਸਮਰਥਾਵਾਂ ਦੇ ਵਿਕਾਸ ’ਚ ਨਿਵੇਸ਼ ਕਰ ਰਹੇ ਹਾਂ।’ ਦੇਸ਼ ਦੇ ਆਰਥਿਕ ਹਾਲਾਤ ਬਾਰੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਦੁਨੀਆ ਦੇ ਸਭ ਤੋਂ ਤੇਜ਼ੀ ਨਾਲ ਵਧਦੇ ਸਟਾਰਟਅੱਪ ਈਕੋ-ਸਿਸਟਮ ਨਾਲ ਮਜ਼ਬੂਤ ਆਰਥਿਕ ਵਿਕਾਸ ਵੱਲ ਵੱਧ ਰਿਹਾ ਹੈ ਜਿੱਥੇ ਹਰ ਕੁਝ ਹਫ਼ਤਿਆਂ ’ਚ ਨਵੇਂ ਯੂਨੀਕਾਰਨ (ਇੱਕ ਅਰਬ ਡਾਲਰ ਵਾਲਾ ਸਟਾਰਟਅੱਪ) ਸਾਹਮਣੇ ਆ ਰਹੇ ਹਨ।
ਪ੍ਰਧਾਨ ਮੰਤਰੀ ਨੇ ਕਿਹਾ, ‘ਅਸੀਂ 1.3 ਅਰਬ ਤੋਂ ਵੱਧ ਭਾਰਤੀਆਂ ਨੂੰ ਜੋੜਨ ਲਈ ਡਿਜੀਟਲ ਬੁਨਿਆਦੀ ਢਾਂਚੇ ਦਾ ਨਿਰਮਾਣ ਕਰ ਰਹੇ ਹਾਂ ਅਤੇ ਯੂਪੀਆਈ ਅੱਜ ਭੁਗਤਾਨ ਲਈ ਦੁਨੀਆ ਦਾ ਸਭ ਤੋਂ ਵਧੀਆ ਬੁਨਿਆਦੀ ਢਾਂਚਾ ਹੈ।’ -ਪੀਟੀਆਈ
ਬੈਂਕਿੰਗ ’ਚ ਸੁਧਾਰ ਲਈ ਮਾਹਿਰਾਂ ਦੀਆਂ ਟੀਮਾਂ ਬਣਾਉਣ ਦਾ ਸੱਦਾ
ਸੂਰਤ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਾਰੋਬਾਰੀਆਂ ਤੇ ਮਾਹਿਰਾਂ ਦੀ ਟੀਮ ਬਣਾਉਣ ਦਾ ਸੱਦਾ ਦਿੱਤਾ ਜੋ ਬੈਂਕਿੰਗ ਤੇ ਹੋਰਨਾਂ ਖੇਤਰਾਂ ’ਚ ਸੁਧਾਰਾਂ ਬਾਰੇ ਸੁਝਾਅ ਦੇ ਸਕੇ ਅਤੇ ਖਾਮੀਆਂ ਵੱਲ ਧਿਆਨ ਦਿਵਾ ਸਕੇ। ਸੂਰਤ ’ਚ ਤਿੰਨ ਰੋਜ਼ਾ ਆਲਮੀ ਪਾਟੀਦਾਰ ਕਾਰੋਬਾਰ ਸੰਮੇਲਨ-2022 ਦਾ ਡਿਜੀਟਲ ਢੰਗ ਨਾਲ ਉਦਘਾਟਨ ਕਰਦਿਆਂ ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ ਕਿ ਸਰਕਾਰ ਦੀ ਇਹ ਲਗਾਤਾਰ ਕੋਸ਼ਿਸ਼ ਹੈ ਕਿ ਦੇਸ਼ ’ਚ ਅਜਿਹਾ ਮਾਹੌਲ ਬਣੇ ਕਿ ਸਧਾਰਨ ਤੋਂ ਸਧਾਰਨ ਪਰਿਵਾਰ ਵੀ ਕਾਰੋਬਾਰੀ ਬਣ ਸਕਣ। ਉਨ੍ਹਾਂ ਪਾਟੀਦਾਰ ਭਾਈਚਾਰੇ ਦੇ ਕਾਰੋਬਾਰੀਆਂ ਨੂੰ ਕਿਹਾ, ‘ਮੇਰੀ ਤੁਹਾਨੂੰ ਅਪੀਲ ਹੈ ਕਿ ਕਾਰੋਬਾਰੀਆਂ ਤੇ ਮਾਹਿਰਾਂ ਦੀ ਇੱਕ ਟੀਮ ਬਣਾਓ ਜੋ ਬੈਂਕਿੰਗ ਤੇ ਹੋਰਨਾਂ ਖੇਤਰਾਂ ’ਚ ਸੁਧਾਰਾਂ ਤੇ ਖਾਮੀਆਂ ਬਾਰੇ ਦੱਸ ਸਕੇ ਤੇ ਇਨ੍ਹਾਂ ਨੂੰ ਬਦਲਣ ਲਈ ਸੁਝਾਅ ਦੇ ਸਕੇ।’ -ਪੀਟੀਆਈ