ਨਵੀਂ ਦਿੱਲੀ, 26 ਅਪਰੈਲ
ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਨੇ ਅੱਜ ਕਿਹਾ ਹੈ ਕਿ ਭਾਰਤ ਕੋਲ ਢੁਕਵੀਂ ਮਾਤਰਾ ਵਿਚ ਮੈਡੀਕਲ ਆਕਸੀਜਨ ਉਪਲਬਧ ਹੈ ਪਰ ਮਸਲਾ ਉਤਪਾਦਕ ਰਾਜਾਂ ਤੋਂ ਜ਼ਿਆਦਾ ਮੰਗ ਵਾਲੇ ਖੇਤਰਾਂ ਤੱਕ ਇਸ ਦੀ ਢੋਆ-ਢੁਆਈ ਦਾ ਹੈ ਜਿਸ ਨੂੰ ਸਾਰੇ ਭਾਈਵਾਲਾਂ ਦੀ ਸ਼ਮੂਲੀਅਤ ਨਾਲ ਸਰਕਾਰ ਹੱਲ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਗ੍ਰਹਿ ਮੰਤਰਾਲੇ ਦੇ ਵਧੀਕ ਸਕੱਤਰ ਪਿਯੂਸ਼ ਗੋਇਲ ਨੇ ਕਿਹਾ ਕਿ ਹਵਾਈ ਸੈਨਾ ਦੇ ਢੋਆ-ਢੁਆਈ ਵਾਲੇ ਹਵਾਈ ਜਹਾਜ਼ਾਂ ਦੀ ਮਦਦ ਨਾਲ ਆਕਸੀਜਨ ਲਿਆਉਣ ਵਾਲੇ ਟੈਂਕਰਾਂ ਦੇ ਪਹੁੰਚਣ ਦੇ ਸਮੇਂ ਨੂੰ ਚਾਰ-ਪੰਜ ਦਿਨ ਤੋਂ ਘਟਾ ਕੇ ਇਕ-ਦੋ ਘੰਟੇ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਜੀਪੀਐੱਸ ਰਾਹੀਂ ਆਕਸੀਜਨ ਲੈ ਕੇ ਆਉਣ-ਜਾਣ ਵਾਲੇ ਟੈਂਕਰਾਂ ’ਤੇ ਨਜ਼ਰ ਰੱਖ ਰਹੀ ਹੈ। -ਪੀਟੀਆਈ
ਤਰਲ ਆਕਸੀਜਨ ਦੇ ਇਸਤੇਮਾਲ ’ਤੇ ਰੋਕ ਤੋਂ ਤਿੰਨ ਖੇਤਰਾਂ ਨੂੰ ਛੋਟ ਦਿੱਤੀ
ਨਵੀਂ ਦਿੱਲੀ: ਮੈਡੀਕਲ ਖੇਤਰ ਤੋਂ ਬਿਨਾ ਹੋਰ ਕਿਸੇ ਵੀ ਮਕਸਦ ਲਈ ਤਰਲ ਆਕਸੀਜਨ ਦੇ ਇਸਤੇਮਾਲ ’ਤੇ ਰੋਕ ਲਾਉਣ ਤੋਂ ਇਕ ਦਿਨ ਬਾਅਦ ਅੱਜ ਸਰਕਾਰ ਨੇ ਤਿੰਨ ਖੇਤਰਾਂ ਸ਼ੀਸੀਆਂ, ਦਵਾਈਆਂ ਅਤੇ ਰੱਖਿਆ ਬਲਾਂ ਨੂੰ ਇਸ ਦਾ ਇਸਤੇਮਾਲ ਕਰਨ ਦੀ ਛੋਟ ਦੇ ਦਿੱਤੀ ਹੈ। ਕੇਂਦਰੀ ਗ੍ਰਹਿ ਸਕੱਤਰ ਅਜੈ ਭੱਲਾ ਨੇ ਅੱਜ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਲਿਖੇ ਇਕ ਪੱਤਰ ਵਿਚ ਕਿਹਾ ਕਿ ਤਿੰਨ ਖੇਤਰਾਂ ਸ਼ੀਸ਼ੀਆਂ, ਦਵਾਈਆਂ ਤੇ ਰੱਖਿਆ ਬਲਾਂ ਨੂੰ ਹੁਣ ਤਰਲ ਆਕਸੀਜਨ ਦੇ ਇਸਤੇਮਾਲ ’ਤੇ ਰੋਕ ਸਬੰਧੀ ਹੁਕਮਾਂ ਤੋਂ ਛੋਟ ਦੇ ਦਿੱਤੀ ਗਈ ਹੈ। -ਪੀਟੀਆਈ