ਜੰਮੂ, 5 ਸਤੰਬਰ
ਜੰਮੂ ਕਸ਼ਮੀਰ ਦੇ ਪੁਣਛ ਜ਼ਿਲ੍ਹੇ ’ਚ ਅੱਜ ਭਾਰਤ ਨੇ ਇੱਕ ਅਤਿਵਾਦੀ ਦੀ ਲਾਸ਼ ਪਾਕਿਸਤਾਨ ਨੂੰ ਸੌਂਪ ਦਿੱਤੀ ਹੈ। ਇਸ ਅਤਿਵਾਦੀ ਦੀ ਦੋ ਦਿਨ ਪਹਿਲਾਂ ਰਾਜੌਰੀ ਦੇ ਮਿਲਟਰੀ ਹਸਪਤਾਲ ’ਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ। ਭਾਰਤੀ ਫੌਜ ਦੇ ਅਧਿਕਾਰੀਆਂ ਨੇ ਦੱਸਿਆ ਕਿ ਮਕਬੂਜ਼ਾ ਕਸ਼ਮੀਰ ਦੇ ਸਬਜ਼ਕੋਟ ਪਿੰਡ ਦਾ ਰਹਿਣ ਵਾਲਾ ਤਬਰਕ ਹੁਸੈਨ (32) ਪਿਛਲੇ ਮਹੀਨੇ ਫੌਜੀ ਜਵਾਨਾਂ ਵੱਲੋਂ ਚਲਾਈ ਗੋਲੀ ਲੱਗਣ ਕਾਰਨ ਜ਼ਖ਼ਮੀ ਹੋ ਗਿਆ ਸੀ। ਉਨ੍ਹਾਂ ਦੱਸਿਆ, ‘ਭਾਰਤੀ ਫੌਜ ਵੱਲੋਂ ਪੁਲੀਸ ਤੇ ਸਿਵਲ ਅਧਿਕਾਰੀਆਂ ਦੀ ਹਾਜ਼ਰੀ ’ਚ ਪੁਣਛ ਜ਼ਿਲ੍ਹੇ ’ਚ ਚੱਕਾਂ ਦਾ ਬਾਗ਼ ਲਾਂਘੇ ’ਤੇ ਹੁਸੈਨ ਦੀ ਲਾਸ਼ ਪਾਕਿਸਤਾਨੀ ਅਧਿਕਾਰੀਆਂ ਹਵਾਲੇ ਕਰ ਦਿੱਤੀ ਗਈ ਹੈ।’ ਉਨ੍ਹਾਂ ਕਿਹਾ ਕਿ ਪਿਛਲੇ ਸਾਲਾਂ ਦੌਰਾਨ ਸ਼ਾਇਦ ਇਹ ਪਹਿਲਾ ਮੌਕਾ ਹੈ ਜਦੋਂ ਪਾਕਿਸਤਾਨ ਨੇ ਇੱਕ ਅਤਿਵਾਦੀ ਦੀ ਲਾਸ਼ ਵਾਪਸ ਲਈ ਹੈ। ਪਾਕਿਸਤਾਨ ਨੇ ਹਮੇਸ਼ਾ ਹੀ ਜੰਮੂ ਕਸ਼ਮੀਰ ’ਚ ਹੋਣ ਵਾਲੀਆਂ ਅਤਿਵਾਦੀ ਗਤੀਵਿਧੀਆਂ ’ਚ ਆਪਣੀ ਸ਼ਮੂਲੀਅਤ ਹੋਣ ਤੋਂ ਇਨਕਾਰ ਕੀਤਾ ਹੈ। –ਪੀਟੀਆਈ