ਨਵੀਂ ਦਿੱਲੀ, 31 ਜਨਵਰੀ
ਕੇਂਦਰੀ ਸਿਹਤ ਮੰਤਰੀ ਹਰਸ਼ ਵਰਧਨ ਨੇ ਕਿਹਾ ਕਿ ਭਾਰਤ ਦੂਜੇ ਦੇਸ਼ਾਂ ਦੇ ਮੁਕਾਬਲੇ ਕੋਵਿਡ-19 ਮਹਾਮਾਰੀ ਖ਼ਿਲਾਫ਼ ਕਾਫ਼ੀ ਬਿਹਤਰ ਢੰਗ ਨਾਲ ਲੜ ਸਕਿਆ ਕਿਉਂਕਿ ਇਸ ਨੇ ‘ਸੰਪੂਰਨ ਸਰਕਾਰ’ ਅਤੇ ਸੰਪੂਰਨ ਸਮਾਜ’ ਦਾ ਰੁਖ਼ ਅਪਣਾਇਆ ਹੈ। ਉਨ੍ਹਾਂ ਨੇ ਭਾਰਤੀ ਮੂਲ ਦੇ ਬਰਤਾਨਵੀ ਡਾਕਟਰਾਂ ਦੀ ਐਸੋਸੀਏਸ਼ਨ (ਬੀਏਪੀਆਈਓ) ਵੇਲਜ਼ ਦੇ ਸਾਲਾਨਾ ਸੰਮੇਲਨ ਨੂੰ ਸ਼ਨਿੱਚਰਵਾਰ ਦੀ ਰਾਤ ਵੀਡੀਓ ਕਾਨਫਰੰਸ ਰਾਹੀਂ ਸੰਬੋਧਨ ਕਰਦਿਆਂ ਕਿਹਾ ਕਿ ਭਾਰਤ ਵਿੱਚ ਕੋਵਿਡ-19 ਤੋਂ ਸਿਹਤਯਾਬ ਹੋਣ ਵਾਲਿਆਂ ਦੀ ਦਰ 97 ਫ਼ੀਸਦ, ਜਦਕਿ ਮੌਤ ਦਰ 1.44 ਫ਼ੀਸਦ ਹੈ, ਜੋ ਦੁਨੀਆ ਵਿੱਚ ਸਭ ਤੋਂ ਘੱਟ ਹੈ।
ਸਿਹਤ ਮੰਤਰਾਲੇ ਨੇ ਹਰਸ਼ਵਰਧਨ ਦੇ ਹਵਾਲੇ ਨਾਲ ਜਾਰੀ ਬਿਆਨ ਵਿੱਚ ਕਿਹਾ, ‘‘ਕੋਵਿਡ-19 ਮਹਾਮਾਰੀ ਦਸੰਬਰ 2019 ਵਿੱਚ ਸਾਹਮਣੇ ਆਈ ਅਤੇ ਪੂਰੀ ਦੁਨੀਆਂ ਵਿੱਚ ਫੈਲ ਗਈ। ‘ਸੰਪੂਰਨ ਸਰਕਾਰ’ ਅਤੇ ‘ਸੰਪੂਰਨ ਸਮਾਜ’ ਦੇ ਰੁਖ਼ ਨਾਲ ਅਸੀਂ ਦੂਜੇ ਦੇਸ਼ਾਂ ਦੇ ਮੁਕਾਬਲੇ ਮਹਾਮਾਰੀ ਖ਼ਿਲਾਫ਼ ਬਿਹਤਰ ਢੰਗ ਨਾਲ ਲੜ ਸਕੇ।’’ ਉਨ੍ਹਾਂ ਦਾਅਵਾ ਕੀਤਾ ਕਿ ਵਿਸ਼ਵ ਸਿਹਤ ਸੰਸਥਾ (ਡਬਲਿਊਐੱਚਓ) ਨੇ ਜਦੋਂ ਕੋਵਿਡ-19 ਨੂੰ ਮਹਾਮਾਰੀ ਐਲਾਨਿਆ ਸੀ ਤਾਂ ਇੱਕ ਘੰਟੇ ਦੇ ਅੰਦਰ ਕਦਮ ਚੁੱਕਣ ਵਾਲਾ ਪਹਿਲਾ ਦੇਸ਼ ਭਾਰਤ ਸੀ। ਅੱਠ ਜਨਵਰੀ ਨੂੰ ਯੋਜਨਾ ਬਣਨੀ ਸ਼ੁਰੂ ਹੋ ਗਈ ਅਤੇ 17 ਜਨਵਰੀ ਤੱਕ ਦਿਸ਼ਾ-ਨਿਰਦੇਸ਼ ਤਿਆਰ ਹੋ ਗਏ। ਉਸੇ ਦਿਨ ਵੱਡੇ ਪੱਧਰ ’ਤੇ ਨਿਗਰਾਨੀ ਸ਼ੁਰੂ ਹੋਈ ਅਤੇ ਪੀੜਤ ਲੋਕਾਂ ਦੇ ਸੰਪਰਕ ਵਿੱਚ ਆਉਣ ਵਾਲਿਆਂ ਦਾ ਪਤਾ ਲਾਉਣਾ ਸ਼ੁਰੂ ਕੀਤਾ ਗਿਆ। -ਪੀਟੀਆਈ
ਵੈਕਸੀਨ ਲੈਣ ਵਾਲੀ ਮਹਿਲਾ ਦੀ ਮੌਤ, ਡਾਕਟਰਾਂ ਮੁਤਾਬਕ ਮੌਤ ਦਾ ਕਾਰਨ ਹੋਰ
ਹੈਦਰਾਬਾਦ: ਤਿਲੰਗਾਨਾ ਦੇ ਮਨਚੇਰੀਅਲ ਜ਼ਿਲ੍ਹੇ ਵਿਚ ਹਾਲ ਹੀ ’ਚ ਕੋਵਿਡ-19 ਵੈਕਸੀਨ ਲੈਣ ਵਾਲੀ ਇਕ ਆਂਗਨਵਾੜੀ ਅਧਿਆਪਕਾ ਦੀ ਮੌਤ ਹੋ ਗਈ ਹੈ। ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਮੌਤ ਦਾ ਟੀਕਾਕਰਨ ਨਾਲ ਸਬੰਧ ਨਹੀਂ ਹੈ। ਮ੍ਰਿਤਕਾ ਦੀ ਸ਼ਨਾਖ਼ਤ ਸੁਸ਼ੀਲਾ ਵਜੋਂ ਹੋਈ ਹੈ ਤੇ ਉਸ ਦੀ ਮੌਤ ਸਰਕਾਰੀ ਸਿਹਤ ਕੇਂਦਰ ਵਿਚ ਹੋਈ ਹੈ। ਅਧਿਆਪਕਾ ਨੂੰ 19 ਜਨਵਰੀ ਨੂੰ ਕਰੋਨਾ ਟੀਕੇ ਦੀ ਖ਼ੁਰਾਕ ਦਿੱਤੀ ਗਈ ਸੀ। ਜ਼ਿਲ੍ਹਾ ਮੈਡੀਕਲ ਤੇ ਸਿਹਤ ਅਫ਼ਸਰ ਡਾ. ਐਮ. ਨੀਰਜਾ ਨੇ ਕਿਹਾ ਕਿ ਅਧਿਆਪਕਾ ਨੂੰ ਬਲੱਡ ਪ੍ਰੈਸ਼ਰ ਤੇ ਫੇਫ਼ੜਿਆਂ ਦਾ ਰੋਗ ਸੀ। ਮੌਤ ਟੀਕਾਕਰਨ ਕਾਰਨ ਨਹੀਂ ਹੋਈ ਹੈ। -ਪੀਟੀਆਈ