ਚੇਨੱਈ, 29 ਜੁਲਾਈ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਕੋਵਿਡ ਮਹਾਮਾਰੀ ਵਰਗਾ ਸੰਕਟ ਸਦੀ ਵਿਚ ਕਿਤੇ ਇਕ ਵਾਰ ਆਉਂਦਾ ਹੈ ਤੇ ਅਜਿਹੀ ਹੋਰ ਮਿਸਾਲ ਦੇਣੀ ਮੁਸ਼ਕਲ ਹੈ। ਉਨ੍ਹਾਂ ਕਿਹਾ ਕਿ ਦੇਸ਼ ਨੇ ਆਪਣੇ ਵਿਗਿਆਨੀਆਂ ਤੇ ਲੋਕਾਂ ਦੀ ਮਦਦ ਨਾਲ ਪੂਰੇ ਆਤਮ ਵਿਸ਼ਵਾਸ ਨਾਲ ਇਸ ਦਾ ਸਾਹਮਣਾ ਕੀਤਾ। ਮੋਦੀ ਨੇ ਕਿਹਾ ਕਿ ਕੇਂਦਰ ਦੀ ਐੱਨਡੀਏ ਸਰਕਾਰ ਦਾ ‘ਸੁਭਾਅ’ ਸੁਧਾਰ ਪੱਖੀ ਹੈ। ਉਨ੍ਹਾਂ ਕਿਹਾ ਕਿ ਇਹ ਪਾਬੰਦੀਆਂ ਲਾਉਣ ਵਾਲੀ ਨਹੀਂ ਬਲਕਿ ਜ਼ਿੰਮੇਵਾਰ ਸਰਕਾਰ ਹੈ ਜੋ ਜਵਾਬ ਦਿੰਦੀ ਹੈ। ਉਨ੍ਹਾਂ ਇਸ ਮੌਕੇ ਡਰੋਨਾਂ ਤੇ ਬੁਨਿਆਦੀ ਢਾਂਚਾ ਪੱਧਰ ਉਤੇ ਕੀਤੇ ਗਏ ਸੁਧਾਰਾਂ ਦਾ ਜ਼ਿਕਰ ਵੀ ਕੀਤਾ।
ਪ੍ਰਧਾਨ ਮੰਤਰੀ ਅੱਜ ਇੱਥੇ ਅੰਨਾ ਯੂਨੀਵਰਸਿਟੀ ਦੇ 42ਵੇਂ ਡਿਗਰੀ ਵੰਡ ਸਮਾਰੋਹ ਮੌਕੇ ਆਏ ਸਨ। ਮੋਦੀ ਨੇ ਕਿਹਾ ਕਿ ਕੋਵਿਡ ਮਹਾਮਾਰੀ ਇਕ ਅਜਿਹਾ ਸੰਕਟ ਸੀ ਜਿਸ ਨਾਲ ਨਜਿੱਠਣ ਲਈ ਕੋਈ ਤੈਅ ਮਾਪਦੰਡ ਨਹੀਂ ਸਨ। ਉਨ੍ਹਾਂ ਕਿਹਾ ਕਿ ਇਸ ਆਲਮੀ ਮਹਾਮਾਰੀ ਨੇ ਹਰ ਦੇਸ਼ ਦੀ ‘ਪ੍ਰੀਖਿਆ’ ਲਈ। ਉਨ੍ਹਾਂ ਕਿਹਾ ਕਿ ਭਾਰਤ ਨੇ ਆਪਣੇ ਵਿਗਿਆਨੀਆਂ, ਸਿਹਤ ਕਰਮੀਆਂ, ਪੇਸ਼ੇਵਰਾਂ ਤੇ ਲੋਕਾਂ ਦੀ ਮਦਦ ਨਾਲ ਇਸ ਸਮੱਸਿਆ ਦਾ ਪੂਰੇ ਵਿਸ਼ਵਾਸ ਨਾਲ ਮੁਕਾਬਲਾ ਕੀਤਾ। ਇਸ ਦੇ ਸਿੱਟੇ ਵਜੋਂ ਭਾਰਤ ਵਿਚ ਹਰ ਖੇਤਰ ਨੂੰ ਨਵਾਂ ਜੀਵਨ ਮਿਲ ਰਿਹਾ ਹੈ, ਭਾਵੇਂ ਉਹ ਉਦਯੋਗ ਹੋਵੇ, ਨਵੀਆਂ ਕਾਢਾਂ ਹੋਣ, ਨਿਵੇਸ਼ ਹੋਵੇ ਜਾਂ ਕੌਮਾਂਤਰੀ ਵਪਾਰ ਹੋਵੇ। ਉਨ੍ਹਾਂ ਕਿਹਾ ਕਿ ਦੇਸ਼ ਹਰ ਖੇਤਰ ਵਿਚ ਮੋਹਰੀ ਹੈ ਤੇ ਅੜਿੱਕਿਆਂ ਨੂੰ ਮੌਕਿਆਂ ਵਿਚ ਬਦਲ ਰਿਹਾ ਹੈ। ਉਨ੍ਹਾਂ ਕਿਹਾ ਕਿ ਕਈ ਤਰ੍ਹਾਂ ਦੇ ਸੁਧਾਰਾਂ ਜਿਨ੍ਹਾਂ ਵਿਚ ਪਿੱਛਿਓਂ ਲੱਗੇ ਟੈਕਸਾਂ ਨੂੰ ਖ਼ਤਮ ਕਰਨਾ ਵੀ ਸ਼ਾਮਲ ਹੈ, ਨਾਲ ਦੇਸ਼ ਦੀ ਮਦਦ ਹੋਈ ਹੈ। ਮੋਦੀ ਨੇ ਗ੍ਰੈਜੂਏਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ। ਉਨ੍ਹਾਂ ’ਵਰਸਿਟੀ ਦੇ ਅਧਿਆਪਕਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਹ ‘ਰਾਸ਼ਟਰ ਨਿਰਮਾਤਾ’ ਹਨ ਜੋ ‘ਭਵਿੱਖ ਦੇ ਆਗੂਆਂ’ (ਵਿਦਿਆਰਥੀਆਂ) ਨੂੰ ਤਿਆਰ ਕਰ ਰਹੇ ਹਨ। ਮੋਦੀ ਨੇ ਕਿਹਾ ਕਿ ਕੇਵਲ ਦੇਸ਼ ਹੀ ਨਹੀਂ ਬਲਕਿ ਪੂਰੀ ਦੁਨੀਆ ਉਮੀਦ ਨਾਲ ਭਾਰਤੀ ਨੌਜਵਾਨਾਂ ਵੱਲ ਦੇਖ ਰਹੀ ਹੈ। ਤਾਮਿਲਨਾਡੂ ਦੇ ਮੁੱਖ ਮੰਤਰੀ ਐਮ.ਕੇ. ਸਟਾਲਿਨ ਨੇ ਕਿਹਾ ਕਿ ਸੂਬਾ ਉੱਚ ਸਿੱਖਿਆ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਦੀ ਗਿਣਤੀ ਦੇ ਮਾਮਲੇ ਵਿਚ ਸਭ ਤੋਂ ਵੱਖ ਨਜ਼ਰ ਆਉਂਦਾ ਹੈ। -ਪੀਟੀਆਈ
ਮੋਦੀ ਅੱਜ ਕਾਨੂੰਨੀ ਸੇਵਾਵਾਂ ਅਥਾਰਿਟੀ ਦੇ ਸੰਮੇਲਨ ਨੂੰ ਸੰਬੋਧਨ ਕਰਨਗੇ
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਲਕੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਦੇ ਪਹਿਲੇ ਕੌਮੀ ਸੰਮੇਲਨ ਨੂੰ ਸੰਬੋਧਨ ਕਰਨਗੇ। ਇਸ ਸਮਾਗਮ ਦਾ ਉਦਘਾਟਨੀ ਸੈਸ਼ਨ ਭਲਕੇ ਵਿਗਿਆਨ ਭਵਨ ਵਿਚ ਹੋਵੇਗਾ। ਇਸ ਮੌਕੇ ਅਥਾਰਿਟੀ ਦੀ ਭੂਮਿਕਾ ਦੇ ਵੱਖ-ਵੱਖ ਪੱਖਾਂ ’ਤੇ ਵਿਚਾਰ-ਚਰਚਾ ਹੋਵੇਗੀ।