ਨਵੀਂ ਦਿੱਲੀ, 19 ਸਤੰਬਰ
ਭਾਰਤ ਦੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਆਪਣੇ ਸਾਊਦੀ ਹਮਰੁਤਬਾ ਫ਼ੈਸਲ ਬਿਨ ਫਰਹਾਨ ਅਲ ਸੌਦ ਨਾਲ ਦੁਵੱਲੇ ਤੇ ਖੇਤਰੀ ਮੁੱਦਿਆਂ ਉਤੇ ਵਿਆਪਕ ਗੱਲਬਾਤ ਕੀਤੀ ਹੈ। ਦੋਵਾਂ ਆਗੂਆਂ ਨੇ ਇਸ ਮੌਕੇ ਅਫ਼ਗਾਨਿਸਤਾਨ ਦੀ ਸਥਿਤੀ ਉਤੇ ਵੀ ਵਿਚਾਰ-ਵਟਾਂਦਰਾ ਕੀਤਾ। ਅਲ ਸੌਦ ਸ਼ਨਿਚਰਵਾਰ ਤੋਂ ਭਾਰਤ ਦੇ ਤਿੰਨ ਰੋਜ਼ਾ ਦੌਰੇ ਉਤੇ ਹਨ। ਉਹ ਪਹਿਲੀ ਵਾਰ ਭਾਰਤ ਆਏ ਹਨ।
ਸਾਊਦੀ ਵਿਦੇਸ਼ ਮੰਤਰੀ ਭਲਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਵੀ ਮੁਲਾਕਾਤ ਕਰਨਗੇ। ਸਾਊਦੀ ਵਿਦੇਸ਼ ਮੰਤਰੀ ਭਾਰਤ ਦਾ ਇਹ ਦੌਰਾ ਉਸ ਸਮੇਂ ਕਰ ਰਹੇ ਹਨ ਜਦ ਭਾਰਤ ਅਫ਼ਗਾਨਿਸਤਾਨ ਵਿਚ ਲਗਾਤਾਰ ਬਦਲ ਰਹੀ ਸਥਿਤੀ ਉਤੇ ਦੁਨੀਆ ਦੀਆਂ ਸਾਰੀਆਂ ਵੱਡੀਆਂ ਤਾਕਤਾਂ ਨਾਲ ਰਾਬਤਾ ਕਰ ਰਿਹਾ ਹੈ। ਇਹ ਮੰਨਿਆ ਜਾ ਰਿਹਾ ਹੈ ਕਿ ਜੈਸ਼ੰਕਰ ਤੇ ਸਾਊਦੀ ਵਿਦੇਸ਼ ਮੰਤਰੀ ਦੀ ਗੱਲਬਾਤ ਜ਼ਿਆਦਾਤਰ ਅਫ਼ਗਾਨਿਸਤਾਨ ਦੇ ਮੁੱਦੇ ਉਤੇ ਹੀ ਕੇਂਦਰਤ ਰਹੀ ਹੈ। ਸਾਊਦੀ ਅਰਬ ਇਸ ਖਿੱਤੇ ’ਚ ਹਮੇਸ਼ਾ ਮਹੱਤਵਪੂਰਨ ਭੂਮਿਕਾ ਅਦਾ ਕਰਦਾ ਰਿਹਾ। ਕਾਬੁਲ ਬਾਰੇ ਸਾਊਦੀ ਅਰਬ ਦਾ ਰੁਖ਼ ਮਹੱਤਵ ਰੱਖਦਾ ਹੈ ਕਿਉਂਕਿ ਖਾੜੀ ਖੇਤਰ ਦੇ ਕਈ ਮੁਲਕ ਜਿਨ੍ਹਾਂ ਵਿਚ ਕਤਰ ਤੇ ਇਰਾਨ ਵੀ ਸ਼ਾਮਲ ਹਨ, ਤਾਲਿਬਾਨ ਦੇ ਕਬਜ਼ੇ ਤੋਂ ਪਹਿਲਾਂ ਅਫ਼ਗਾਨ ਸ਼ਾਂਤੀ ਪ੍ਰਕਿਰਿਆ ਵਿਚ ਅਹਿਮ ਰੋਲ ਅਦਾ ਕਰ ਰਹੇ ਸਨ। ਅਫ਼ਗਾਨਿਸਤਾਨ ਮੁੱਦੇ ਉਤੇ ਖਾੜੀ ਖੇਤਰ ਵਿਚ ਭਾਰਤ ਯੂਏਈ, ਸਾਊਦੀ ਅਰਬ, ਕਤਰ ਤੇ ਇਰਾਨ ਦੇ ਸੰਪਰਕ ਵਿਚ ਹੈ। -ਪੀਟੀਆਈ