ਨਵੀਂ ਦਿੱਲੀ, 27 ਅਕਤੂਬਰ
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਕਿਹਾ ਕਿ ਵੱਧ ਰਹੇ ਅਤਿਵਾਦ, ਨਸ਼ਾ ਤਸਕਰੀ, ਪਾਇਰੇਸੀ ਤੇ ਜਲਵਾਯੂ ਤਬਦੀਲੀ ਜਿਹੇ ਗੰਭੀਰ ਖ਼ਤਰੇ ਹਿੰਦ-ਪ੍ਰਸ਼ਾਂਤ ਖਿੱਤੇ ਵਿਚ ਉਸ ਸਮੇਂ ਨਵੀਆਂ ਚੁਣੌਤੀਆਂ ਵਜੋਂ ਉੱਭਰ ਰਹੇ ਹਨ ਜਦ ਇਸ ਖਿੱਤੇ ਦੇ ਸਰੋਤਾਂ ਲਈ ਮੁਕਾਬਲੇਬਾਜ਼ੀ ਵੱਧ ਰਹੀ ਹੈ। ਹਿੰਦ-ਪ੍ਰਸ਼ਾਂਤ ਖੇਤਰ ਬਾਰੇ ਇਕ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਰੱਖਿਆ ਮੰਤਰੀ ਨੇ ਕਿਹਾ ਕਿ ਇਸ ਖੇਤਰ ਵਿਚਲੀਆਂ ਚੁਣੌਤੀਆਂ ਦਾ ਅਸਰ ਕਈ ਦੇਸ਼ਾਂ ਉਤੇ ਪੈਂਦਾ ਹੈ। ਇਨ੍ਹਾਂ ਦਾ ਜਵਾਬ ਤਾਲਮੇਲ ਨਾਲ ਦੇਣ ਦੀ ਲੋੜ ਹੈ। ਰੱਖਿਆ ਮੰਤਰੀ ਨੇ ਨਾਲ ਹੀ ਕਿਹਾ ਕਿ ਭਾਰਤ ਆਪਣੇ ਵਾਜਬ ਹੱਕਾਂ ਦੀ ਰਾਖੀ ਲਈ ਪੂਰੀ ਤਰ੍ਹਾਂ ਦ੍ਰਿੜ੍ਹ ਹੈ। ਦੇਸ਼ ਆਪਣੇ ਸਮੁੰਦਰੀ ਪਾਣੀਆਂ ਵਿਚ ਆਪਣੇ ਹਿੱਤਾਂ ਤੇ ਆਰਥਿਕ ਜ਼ੋਨ ਨੂੰ ਸੁਰੱਖਿਅਤ ਕਰਨ ਲਈ ਹਰ ਹੀਲਾ ਵਰਤੇਗਾ। ਉਨ੍ਹਾਂ ਕਿਹਾ ਕਿ ਭਾਰਤ ਨੇਮ ਅਧਾਰਿਤ ਸਮੁੰਦਰੀ ਢਾਂਚੇ ਦੀ ਹਮਾਇਤ ਕਰੇਗਾ। ਰੱਖਿਆ ਮੰਤਰੀ ਨੇ ਕਿਹਾ ਕਿ ਅਸਰਦਾਰ ਆਪਸੀ ਤਾਲਮੇਲ ਇਸ ਖੇਤਰ ਦੀ ਸਮਰੱਥਾ ਨੂੰ ਵਰਤਣ ਲਈ ਜ਼ਰੂਰੀ ਹੈ। ਰਾਜਨਾਥ ਨੇ ਕਿਹਾ ਕਿ ਭਾਰਤ ਸਾਰੇ ਮੁਲਕਾਂ ਦੇ ਹੱਕਾਂ ਦਾ ਸਤਿਕਾਰ ਕਰਦਾ ਹੈ ਜਿਵੇਂ ਕਿ ਸੰਯੁਕਤ ਰਾਸ਼ਟਰ ਸਮਝੌਤਿਆਂ ਵਿਚ ਤੈਅ ਕੀਤਾ ਗਿਆ ਹੈ। -ਪੀਟੀਆਈ
‘ਭਾਰਤ-ਚੀਨ ਟਕਰਾਅ ਦੇ ਸ਼ਾਂਤੀਪੂਰਨ ਹੱਲ ਦਾ ਭਰੋਸਾ ਜਤਾਇਆ’
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਫ਼ੌਜੀ ਕਮਾਂਡਰਾਂ ਦੀ ਕਾਨਫਰੰਸ ਵਿਚ ਭਰੋਸਾ ਜ਼ਾਹਿਰ ਕਰਦਿਆਂ ਕਿਹਾ ਕਿ ਪੂਰਬੀ ਲੱਦਾਖ ਵਿਚ ਭਾਰਤ-ਚੀਨ ਟਕਰਾਅ ਦਾ ਸ਼ਾਂਤੀਪੂਰਨ ਹੱਲ ਗੱਲਬਾਤ ਰਾਹੀਂ ਕੱਢ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਗੱਲਬਾਤ ਜਾਰੀ ਰਹੇਗੀ ਤੇ ਭਾਰਤੀ ਫ਼ੌਜ ਦ੍ਰਿੜ੍ਹਤਾ ਨਾਲ ਡਟੀ ਹੋਈ ਹੈ। ਰੱਖਿਆ ਮੰਤਰੀ ਨੇ ਕਿਹਾ ਕਿ ਫ਼ੌਜ ਨੂੰ ਸਭ ਤੋਂ ਵਧੀਆ ਹਥਿਆਰ, ਉਪਕਰਨ ਤੇ ਸਖ਼ਤ ਸਰਦੀ ਵਿਚ ਰਹਿਣ ਲਈ ਸਾਰੀਆਂ ਸਹੂਲਤਾਂ ਦਿੱਤੀਆਂ ਜਾਣਗੀਆਂ।
ਹਿੰਦ-ਪ੍ਰਸ਼ਾਂਤ ਖੇਤਰ ’ਚ ਰੋਜ਼ਾਨਾ ਪ੍ਰਭਾਵ ਜਮਾਉਣ ਦੀ ਹੋ ਰਹੀ ਹੈ ਕੋਸ਼ਿਸ਼: ਜਲ ਸੈਨਾ ਮੁਖੀ
ਨਵੀਂ ਦਿੱਲੀ, 27 ਅਕਤੂਬਰ
ਜਲ ਸੈਨਾ ਮੁਖੀ ਐਡਮਿਰਲ ਕਰਮਬੀਰ ਸਿੰਘ ਨੇ ਅੱਜ ਕਿਹਾ ਕਿ ਭਾਰਤੀ ਜਲ ਸੈਨਾ ਮਿੱਤਰ ਮੁਲਕਾਂ ਨੂੰ ਇਕ ਸੁਰੱਖਿਆ ਭਾਈਵਾਲ ਦੇ ਰੂਪ ਵਿਚ ਉੱਭਰਨ ਲਈ ਤੇ ਇਕ ਖੁੱਲ੍ਹੇ-ਆਜ਼ਾਦ ਹਿੰਦ-ਪ੍ਰਸ਼ਾਂਤ ਖੇਤਰ ਲਈ ਯੋਗਦਾਨ ਦੇਣ ਦੇ ਵਿਆਪਕ ਮੰਤਵ ਅਤੇ ਸਮੁੰਦਰੀ ਖੇਤਰ ਵਿਚ ਚੁਣੌਤੀਆਂ ਦਾ ਸਾਹਮਣਾ ਕਰਨ ਵਿਚ ਮਦਦ ਕਰਨ ਲਈ ਠੋਸ ਹੱਲਾਂ ਉਤੇ ਕੰਮ ਕਰ ਰਹੀ ਹੈ। ਉਨ੍ਹਾਂ ਚੀਨ ਦਾ ਨਾਂ ਲਏ ਬਗੈਰ ਕੁਝ ਦੇਸ਼ਾਂ ਬਾਰੇ ਵੀ ਗੱਲ ਕੀਤੀ, ਜੋ ਹਿੰਦ-ਪ੍ਰਸ਼ਾਂਤ ਖੇਤਰ ਵਿਚ ਆਲਮੀ ਵਣਜ ਦੇ ਮੂਲ ਵਿਚਾਰ ’ਚ ‘ਭੂਮੀ ਕੇਂਦਰਿਤ’ ਖੇਤਰੀ ਮਾਨਸਿਕਤਾ ਨੂੰ ਲਾਗੂ ਕਰਨ ਦੇ ਨਾਲ-ਨਾਲ ਜ਼ਿਆਦਾ ਰਸੂਖ਼ ਤੇ ਕੰਟਰੋਲ ਚਾਹੁੰਦੇ ਸਨ ਤੇ ਉਨ੍ਹਾਂ ਨੇ ਆਲਮੀ ਨਿਯਮਾਂ ਲਈ ਚੁਣੌਤੀਆਂ ਪੈਦਾ ਕੀਤੀਆਂ ਹਨ।
ਐਡਮਿਰਲ ਨੇ ਇਕ ਸੈਮੀਨਾਰ ਵਿਚ ਕਿਹਾ ਕਿ ਹਿੰਦ-ਪ੍ਰਸ਼ਾਂਤ ਖੇਤਰ ਵਿਚ ਪ੍ਰਭਾਵ ਜਮਾਉਣ ਲਈ ‘ਦਿਨ-ਪ੍ਰਤੀ-ਦਿਨ’ ਮੁਕਾਬਲਾ ਦੇਖਣ ਨੂੰ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਰਤੀ ਜਲ ਸੈਨਾ ਨੇ ਹਿੰਦ-ਪ੍ਰਸ਼ਾਂਤ ਖੇਤਰ ਵਿਚ ਜ਼ਿਆਦਾ ਰਚਨਾਤਮਕ ਤੇ ਸਥਿਰ ਭੂਮਿਕਾ ਨਿਭਾਉਣ ਦੇ ਆਪਣੇ ਯਤਨਾਂ ਵਿਚ ਕੁਝ ਤੱਤਾਂ ਨੂੰ ਪਹਿਲ ਦਿੱਤੀ ਹੈ, ਜਿਸ ਵਿਚ ਖੇਤਰ ਵਿਚ ਸਮੂਹਿਕ ਸਮੁੰਦਰੀ ਸਮਰੱਥਾ ਵਿਕਸਿਤ ਕਰਨ ਦੀ ਦਿਸ਼ਾ ਵਿੱਚ ਕੰਮ ਕਰਨਾ ਹੈ। ਉਨ੍ਹਾਂ ਕਿਹਾ ਕਿ ਦੂਜਾ ਤੱਤ ਬਾਹਰ ਵੱਲ ਦੇਖਣਾ ਤੇ ਆਪਣੇ ਜੁੜਾਅ ਵਿਚ ਬਿਹਤਰ ਹੋਣਾ ਹੈ। ਜਦਕਿ ਤੀਜਾ ਤੱਤ ਵਿਸ਼ਵਾਸ ਵਿਕਸਿਤ ਕਰਨ ਲਈ ਭਾਈਵਾਲ ਦੇਸ਼ਾਂ ਨਾਲ ਜੁੜਨਾ ਹੈ। ਅੰਤਿਮ ਤੱਤ ਉਨ੍ਹਾਂ ਅਮਲੀ ਸਮੱਸਿਆਵਾਂ ਉਤੇ ਧਿਆਨ ਕੇਂਦਰਿਤ ਕਰਨਾ ਤੇ ਉਨ੍ਹਾਂ ਦੇ ਠੋਸ ਹੱਲ ਲਈ ਖੇਤਰੀ ਦੇਸ਼ਾਂ ਦੀ ਮਦਦ ਕਰਨਾ ਹੈ ਜਿਨ੍ਹਾਂ ਦਾ ਸਾਹਮਣਾ ਉਹ ਹਰ ਰੋਜ਼ ਕਰ ਰਹੇ ਹਨ। ਜਲ ਸੈਨਾ ਦੇ ਚੋਟੀ ਦੇ ਕਮਾਂਡਰ ਨੇ ਚਿਤਾਵਨੀ ਦਿੱਤੀ ਕਿ ਇਸ ਖੇਤਰ ਵਿਚ ਕੋਈ ਵੀ ਮੁਕਾਬਲਾ ਬਾਕੀ ਸਾਰੇ ਦੇਸ਼ਾਂ ਨੂੰ ਪ੍ਰਭਾਵਿਤ ਕਰੇਗਾ ਨਾ ਕੇਵਲ ਦਾਅਵੇਦਾਰਾਂ ਨੂੰ। ਉਨ੍ਹਾਂ ਉੱਭਰਦੀਆਂ ਚੁਣੌਤੀਆਂ ਨਾਲ ਨਜਿੱਠਣ ਲਈ ਇਕੋ ਜਿਹੀ ਵਿਚਾਰਧਾਰਾ ਵਾਲੇ ਦੇਸ਼ਾਂ ਨੂੰ ਵਿਆਪਕ ਦ੍ਰਿਸ਼ਟੀਕੋਣ ਅਪਨਾਉਣ ਦਾ ਸੱਦਾ ਦਿੱਤਾ। -ਪੀਟੀਆਈ