ਨਵੀਂ ਦਿੱਲੀ, 2 ਦਸੰਬਰ
ਮੁੱਖ ਅੰਸ਼
- ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਭਾਰਤ ਦਾ ਪੱਖ ਰੱਖਿਆ
- ਜੰਮੂ ਕਸ਼ਮੀਰ ਵਿੱਚ ਵਿਅਕਤੀ ਵਿਸ਼ੇਸ਼ ਦੀ ਗ੍ਰਿਫ਼ਤਾਰੀ ਨੂੰ ਕਾਨੂੰਨ ਮੁਤਾਬਕ ਦੱਸਿਆ
ਭਾਰਤ ਨੇ ਜੰਮੂ-ਕਸ਼ਮੀਰ ਵਿੱਚ ਇਕ ਕਾਰਕੁਨ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਲਾਏ ‘ਬੇਬੁਨਿਆਦ’ ਦੋਸ਼ਾਂ ਲਈ ਸੰਯੁਕਤ ਰਾਸ਼ਟਰ ਦੀ ਮਨੁੱਖੀ ਅਧਿਕਾਰ ਸੰਸਥਾ ਓਐੱਚਸੀਐੱਚਆਰ ’ਤੇ ਨਿਸ਼ਾਨਾ ਲਾਉਂਦਿਆਂ ਕਿਹਾ ਕਿ ਇਹ ਸਰਹੱਦ ਪਾਰੋਂ ਅਤਿਵਾਦ ਕਾਰਨ ਖੇਤਰ ਵਿੱਚ ਦਰਪੇਸ਼ ਸੁਰੱਖਿਆ ਚੁਣੌਤੀਆਂ ਦੀ ਪੂਰੀ ਤਰ੍ਹਾਂ ਸਮਝ ਦੀ ਘਾਟ ਨੂੰ ਦਰਸਾਉਂਦਾ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਕਿਹਾ ਕਿ ਭਾਰਤ ਵਿੱਚ ਅਧਿਕਾਰੀ ਕਾਨੂੰਨ ਦੀ ਉਲੰਘਣਾ ਦੇ ਵਿਰੁੱਧ ਕੰਮ ਕਰਦੇ ਹਨ ਨਾ ਕਿ ਅਧਿਕਾਰਾਂ ਦੀ ਜਾਇਜ਼ ਵਰਤੋਂ ਦੇ ਖ਼ਿਲਾਫ਼।
ਬਾਗਚੀ ਨੇ ਇਹ ਟਿੱਪਣੀਆਂ ਯੂਐਨ ਵਿੱਚ ਮਨੁੱਖੀ ਹੱਕਾਂ ਬਾਰੇ ਹਾਈ ਕਮਿਸ਼ਨਰ ਦਫ਼ਤਰ (ਓਐੱਚਸੀਐੈੱਚਆਰ) ਦੇ ਤਰਜਮਾਨ ਵੱਲੋਂ ਕਸ਼ਮੀਰ ਦੇ ਮਨੁੱਖੀ ਅਧਿਕਾਰਾਂ ਬਾਰੇ ਕਾਰਕੁਨ ਖੁੱਰਮ ਪਰਵੇਜ਼ ਦੀ ਗ੍ਰਿਫ਼ਤਾਰੀ ਦੇ ਸੰਦਰਭ ਵਿੱਚ ਜਾਰੀ ਬਿਆਨ ਨੂੰ ਲੈ ਕੇ ਕੀਤੀਆਂ ਹਨ। ਬਾਗਚੀ ਨੇ ਕਿਹਾ, ‘‘ਅਸੀਂ ਓਐੱਚਸੀਐੱਚਆਰ ਦੇ ਤਰਜਮਾਨ ਵੱਲੋਂ ਜੰਮੂ ਤੇ ਕਸ਼ਮੀਰ ਵਿੱਚ ਕੁਝ ਖਾਸ ਘਟਨਾਵਾਂ ਨੂੰ ਲੈ ਕੇ ਕੀਤੀਆਂ ਟਿੱਪਣੀਆਂ ਨੂੰ ਵੇਖਿਆ ਹੈ। ਭਾਰਤ ਦੇ ਸੁਰੱਖਿਆ ਬਲਾਂ ਤੇ ਪੁਲੀਸ ਖ਼ਿਲਾਫ਼ ਕੀਤੀਆਂ ਇਹ ਟਿੱਪਣੀਆਂ ਤੇ ਲਾਏ ਦੋਸ਼ ਬੇਬੁਨਿਆਦ ਹਨ।’’ ਓਐੱਚਸੀਐੱਚਆਰ ਦੇ ਤਰਜਮਾਨ ਰੁਪਰਟ ਕੋਲਵਿਲੇ ਨੇ ਪਰਵੇਜ਼ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਲੰਘੇ ਦਿਨ ਵੱਡੀ ਫ਼ਿਕਰਮੰਦੀ ਜ਼ਾਹਿਰ ਕਰਦਿਆਂ ਜੰਮੂ ਤੇ ਕਸ਼ਮੀਰ ਵਿੱਚ ਹਾਲ ਹੀ ਵਿਚ ਸਿਵਲੀਅਨਾਂ ਦੀਆਂ ਹੱਤਿਆਵਾਂ ਨਾਲ ਜੁੜੀਆਂ ਘਟਨਾਵਾਂ ਦੀ ‘ਪਾਰਦਰਸ਼ੀ ਤੇ ਮੁਕੰਮਲ’ ਜਾਂਚ ਕਰਵਾਉਣ ਦੀ ਮੰਗ ਕੀਤੀ ਸੀ। ਕੋਲਵਿਲੇ ਨੇ ਕਿਹਾ ਸੀ, ‘‘ਅਸੀਂ ਮਨੁੱਖੀ ਅਧਿਕਾਰਾਂ ਦੇ ਅਲੰਬਰਦਾਰ ਖੁੱਰਮ ਪਰਵੇਜ਼ ਦੀ ਗੈਰਕਾਨੂੰਨੀ ਸਰਗਰਮੀਆਂ ਰੋਕੂ ਐਕਟ ਤਹਿਤ ਕੀਤੀ ਗ੍ਰਿਫ਼ਤਾਰੀ ਤੋਂ ਵੱਡੇ ਫ਼ਿਕਰਮੰਦ ਹਾਂ।’’ ਬਾਗਚੀ ਨੇ ਯੂਐੱਨ ਅਧਿਕਾਰੀ ਦੀ ਇਨ੍ਹਾਂ ਟਿੱਪਣੀਆਂ ਨੂੰ ਖਾਰਜ ਕਰਦਿਆਂ ਕਿਹਾ ਕਿ ਜਮਹੂਰੀ ਮੁਲਕ ਹੋਣ ਦੇ ਭਾਰਤ ਆਪਣੇ ਨਾਗਰਿਕਾਂ ਦੇ ਮਨੁੱਖੀ ਹੱਕਾਂ ਦੀ ਸੁਰੱਖਿਆ ਤੇ ਪ੍ਰਚਾਰ ਪਾਸਾਰ ਲਈ ਵਚਨਬੱਧ ਹੈ ਤੇ ਭਾਰਤ ਸਰਹੱਦ ਪਾਰ ਤੋਂ ਅਤਿਵਾਦ ਦੇ ਟਾਕਰੇ ਲਈ ਸਾਰੇ ਜ਼ਰੂਰੀ ਕਦਮ ਚੁੱਕੇਗਾ। ਬਾਗਚੀ ਨੇ ਕਿਹਾ ਕਿ ਯੂਏਪੀਏ ਜਿਹੇ ਕੌਮੀ ਸੁਰੱਖਿਆ ਕਾਨੂੰਨ ਦੇਸ਼ ਦੀ ਪ੍ਰਭੂਸੱਤਾ ਅਤੇ ਆਪਣੇੇੇ ਨਾਗਰਿਕਾਂ ਦੀ ਸੁਰੱਖਿਆ ਲਈ ਹੀ ਸੰਸਦ ਵੱਲੋਂ ਅਮਲ ਵਿੱਚ ਲਿਆਂਦੇ ਗਏ ਹਨ। ਬਾਗਚੀ ਨੇ ਕਿਹਾ ਕਿ ਬਿਆਨ ਵਿੱਚ ਜਿਸ ਵਿਅਕਤੀ ਵਿਸ਼ੇਸ਼ (ਪਰਵੇਜ਼) ਦੀ ਹਿਰਾਸਤ ਦਾ ਜ਼ਿਕਰ ਹੈ, ਉਹ ਪੂਰੀ ਤਰ੍ਹਾਂ ਕਾਨੂੰਨ ਮੁਤਾਬਕ ਹੈ। -ਪੀਟੀਆਈ