ਨਵੀਂ ਦਿੱਲੀ: ਭਾਰਤ ਨੇ ਅੱਜ ਕੈਨੇਡਾ ਵਿੱਚ ‘ਕਥਿਤ ਖਾਲਿਸਾਤਨੀ ਰੈਫਰੈਂਡਮ (ਰਾਏਸ਼ੁਮਾਰੀ)’ ਖ਼ਿਲਾਫ਼ ਤਿੱਖੀ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਇਹ ਕਾਫੀ ਇਤਰਾਜ਼ਯੋਗ ਹੈ ਕਿ ਇਕ ਦੋਸਤਾਨਾ ਦੇਸ਼ ਵਿੱਚ ਕੱਟੜਪੰਥੀ ਅਨਸਰਾਂ ਨੂੰ ਸਿਆਸਤ ਤੋਂ ਪ੍ਰੇਰਿਤ ਅਜਿਹੀ ਗਤੀਵਿਧੀ ਦੀ ਮਨਜ਼ੂਰੀ ਦਿੱਤੀ ਗਈ। ਵਿਦੇਸ਼ ਮੰਤਰਾਲੇ ਦੇ ਤਰਜਮਾਨ ਅਰਿੰਦਮ ਬਾਗਚੀ ਨੇ ਕਿਹਾ ਕਿ ਭਾਰਤ ਨੇ ਕੂਟਨੀਤਕ ਚੈਨਲਾਂ ਰਾਹੀਂ ਕੈਨੇਡਾ ਦੇ ਅਧਿਕਾਰੀਆਂ ਕੋਲ ਮਾਮਲਾ ਉਠਾਇਆ ਸੀ ਅਤੇ ਅੱਗੇ ਵੀ ਇਸ ਸਬੰਧ ਵਿੱਚ ਕੈਨੇਡਾ ’ਤੇ ਦਬਾਅ ਬਣਾਇਆ ਜਾਵੇਗਾ। ਬਾਗਚੀ ਨੇ ਕਿਹਾ, ‘‘ਤੁਸੀਂ ਸਾਰੇ ਇਸ ਸਬੰਧ ਵਿੱਚ ਹੋਣ ਵਾਲੀ ਹਿੰਸਾ ਬਾਰੇ ਜਾਣਦੇ ਹੋ।’’ ਉਨ੍ਹਾਂ ‘ਕਥਿਤ ਖਾਲਿਸਤਾਨੀ ਰੈਫਰੈਂਡਮ’ ਨੂੰ ਇਕ ਹਾਸੋਹੀਣੀ ਕਾਰਵਾਈ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਕੈਨੇਡਾ ਸਰਕਾਰ ਨੇ ਜਵਾਬ ਦਿੱਤਾ ਹੈ ਕਿ ਉਹ ਭਾਰਤ ਦੀ ਪ੍ਰਭੂਸੱਤਾ ਤੇ ਅਖੰਡਤਾ ਦਾ ਸਨਮਾਨ ਕਰਦੇ ਹਨ ਅਤੇ ਉਹ ਦੇਸ਼ ਵਿੱਚ ਹੋਏ ਕਥਿਤ ਰੈਫਰੈਂਡਮ ਨੂੰ ਮਾਨਤਾ ਨਹੀਂ ਦੇਣਗੇ। ਭਾਰਤ ਦਾ ਦੋਸ਼ ਹੈ ਕਿ ਕੈਨੇਡਾ ਦੇ ਅਧਿਕਾਰੀਆਂ ਨੇ ਪੰਜਾਬ ਨੂੰ ਵੱਖਰਾ ਮੁਲਕ ਐਲਾਨਣ ਦੀ ਮੰਗ ਕਰਦੇ ‘ਕਥਿਤ ਰੈਫਰੈਂਡਮ’ ਨੂੰ ਰੋਕਣ ਲਈ ਜ਼ਿਆਦਾ ਕੋਸ਼ਿਸ਼ ਨਹੀਂ ਕੀਤੀ, ਜਿਸ ਕਾਰਨ ਭਾਰਤ ਖ਼ਫ਼ਾ ਹੈ। -ਪੀਟੀਆਈ