ਨਵੀਂ ਦਿੱਲੀ, 19 ਜੂਨ
ਭਾਰਤ ਦੇ ਵਣਜ ਤੇ ਸਨਅਤ ਮੰਤਰੀ ਪਿਯੂਸ਼ ਗੋਇਲ ਨੇ ਕਿਹਾ ਹੈ ਕਿ ਜਨੇਵਾ ਵਿੱਚ ਵਿਸ਼ਵ ਵਪਾਰ ਸੰਗਠਨ ਦੀ ਹਾਲ ਹੀ ’ਚ ਹੋਈ ਮੰਤਰੀ ਪੱਧਰ ਦੀ ਕਾਨਫਰੰਸ ਵਿੱਚ ਭਾਰਤ ਨੇ ਮਛੇਰਿਆਂ ਤੇ ਕਿਸਾਨਾਂ ਦੇ ਹਿੱਤਾਂ ਦੀ ਪੂਰੀ ਤਰ੍ਹਾਂ ਰਾਖੀ ਕੀਤੀ ਹੈ। ਉਨ੍ਹਾਂ ਕਿਹਾ ਕਿ ਡਬਲਿਊਟੀਓ ਕਾਨਫਰੰਸ ਵਿੱਚ ਜਿਹੜੇ ਫ਼ੈਸਲੇ ਲਏ ਗਏ, ਉਨ੍ਹਾਂ ਨਾਲ ਵਿਸ਼ਵ ਕਾਰੋਬਾਰ ਨੂੰ ਉਤਸ਼ਾਹਿਤ ਕਰਨ ਦੇ ਲਿਹਾਜ਼ ਨਾਲ ਇਸ ਬਹੁਪੱਖੀ ਸੰਸਥਾ ਦੀ ਭੂਮਿਕਾ ਹੋਰ ਮਜ਼ਬੂਤ ਹੋਵੇਗੀ। ਡਬਲਿਊਟੀਓ ਵਿੱਚ 17 ਜੂਨ ਨੂੰ ਕੋਵਿਡ- 19 ਟੀਕਿਆਂ ਲਈ ਅਸਥਾਈ ਪੇਟੈਂਟ ਛੋਟ ਬਾਰੇ ਸਹਿਮਤੀ ਬਣੀ ਤੇ ਮੱਛੀ ਪਾਲਣ ਲਈ ਮਿਲਣ ਵਾਲੀ ਨੁਕਸਾਨਦਾਇਕ ਸਬਸਿਡੀ ਬਾਰੇ ਵੀ ਸਮਝੌਤਾ ਹੋ ਗਿਆ। ਕੁੱਲ 164 ਮੈਂਬਰੀ ਸੰਗਠਨ ਵੱਲੋਂ ਇਹ ਚਾਰ ਦਿਨਾ ਕਾਨਫਰੰਸ 12 ਜੂਨ ਨੂੰ ਸ਼ੁਰੂ ਹੋਈ ਸੀ ਜੋ 17 ਜੂਨ ਨੂੰ ਕਈ ਸਮਝੌਤਿਆਂ ਮਗਰੋਂ ਸਮਾਪਤ ਹੋ ਗਈ। ਸ੍ਰੀ ਗੋਇਲ ਨੇ ਕਿਹਾ, ‘ਡਬਲਿਊਟੀਓ ਦੀ ਮੰਤਰੀ ਪੱਧਰੀ ਕਾਨਫਰੰਸ ਵਿੱਚ ਅਸੀਂ ਕਿਸਾਨਾਂ, ਐੱਮਐੱਸਐੱਮਈਜ਼ ਅਤੇ ਮਛੇਰਿਆਂ ਦੇ ਹਿੱਤਾਂ ਦੀ ਪੂਰੀ ਤਰ੍ਹਾਂ ਰਾਖੀ ਕੀਤੀ। ਉਨ੍ਹਾਂ ’ਤੇ ਕਿਸੇ ਤਰ੍ਹਾਂ ਦਾ ਭਾਰ ਨਹੀਂ ਪਵੇਗਾ। ਅਸੀਂ ਉਨ੍ਹਾਂ ਦੇ ਹਿੱਤਾਂ ਦੀ ਰਾਖੀ ਕੀਤੀ ਹੈ।’ ਉਨ੍ਹਾਂ ਇਹ ਗੱਲ ਇੱਥੇ ਇੱਕ ਸਮਾਗਮ ਮੌਕੇ ਆਖੀ ਜਿਸ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਪ੍ਰਗਤੀ ਮੈਦਾਨ ਇੰਟੀਗ੍ਰੇਟਡ ਟਰਾਂਜ਼ਿਟ ਕੌਰੀਡੋਰ ਪ੍ਰਾਜੈਕਟ ਦੀ ਮੁੱਖ ਸੁਰੰਗ ਤੇ ਪੰਜ ਅੰਡਰਪਾਸ ਮੁਲਕ ਨੂੰ ਸਮਰਪਿਤ ਕੀਤੇ ਗਏ। -ਪੀਟੀਆਈ