ਨਵੀਂ ਦਿੱਲੀ (ਟਨਸ): ਭਾਰਤ ਤੇ ਰੂਸ ਵਿੱਤੀ ਲੈਣ-ਦੇਣ ਦੇ ਹੋਰ ਬਦਲ ਤਲਾਸ਼ ਰਹੇ ਹਨ। ਜ਼ਿਕਰਯੋਗ ਹੈ ਕਿ ਦੋਵੇਂ ਧਿਰਾਂ 20 ਮਿਲੀਅਨ ਬੈਰਲ ਕੱਚੇ ਤੇਲ ਦੇ ਸੌਦੇ ਲਈ ਗੱਲਬਾਤ ਕਰ ਰਹੀਆਂ ਹਨ। ਇਹ ਕੱਚਾ ਤੇਲ ਭਾਰਤ ਨੂੰ ਕਾਫ਼ੀ ਘੱਟ ਕੀਮਤ ਉਤੇ ਮਿਲ ਰਿਹਾ ਹੈ। ਯੂਕਰੇਨ ਜੰਗ ਦੇ ਮੱਦੇਨਜ਼ਰ ਰੂਸ ਉਤੇ ਅਮਰੀਕਾ ਤੇ ਯੂਰੋਪ ਨੇ ਕਾਫ਼ੀ ਪਾਬੰਦੀਆਂ ਲਾਈਆਂ ਹੋਈਆਂ ਹਨ। ਹਾਲ ਹੀ ਵਿਚ ਅਮਰੀਕਾ ਤੇ ਯੂਰੋਪ ਭਾਰਤ ਨੂੰ ਰੂਸੀ ਊਰਜਾ ਸਰੋਤਾਂ ਉਤੇ ਨਿਰਭਰਤਾ ਘਟਾਉਣ ਲਈ ਵੀ ਕਹਿ ਚੁੱਕੇ ਹਨ। ਉਹ ਭਾਰਤ ਨਾਲ ਰਲ ਕੇ ਹੋਰ ਬਦਲ ਤਲਾਸ਼ਣ ਲਈ ਵੀ ਸਹਿਮਤ ਹੋਏ ਸਨ ਤੇ ਮਦਦ ਦੀ ਪੇਸ਼ਕਸ਼ ਕੀਤੀ ਸੀ। ਜਦਕਿ ਭਾਰਤ ਨੂੰ ਯਕੀਨ ਹੈ ਕਿ ਉਹ ਆਪਣਾ ਰਾਹ ਤਲਾਸ਼ ਲਏਗਾ।