ਨਵੀਂ ਦਿੱਲੀ, 20 ਸਤੰਬਰ
ਵਿਦੇਸ਼ ਸਕੱਤਰ ਹਰਸ਼ ਵਰਧਨ ਸ਼੍ਰਿੰਗਲਾ ਨੇ ਸੋਮਵਾਰ ਨੂੰ ਕਿਹਾ ਕਿ ਅਫ਼ਗਾਨਿਸਤਾਨ ਦੇ ਗੁਆਂਢੀ ਮੁਲਕ ਵਜੋਂ ਭਾਰਤ ਉਸ ਮੁਲਕ ’ਚ ਹਾਲ ਹੀ ਵਿੱਚ ਹੋਈ ਤਬਦੀਲੀ ਅਤੇ ਖੇਤਰ ਲਈ ਉਨ੍ਹਾਂ ਦੇ ਪ੍ਰਭਾਵ ਬਾਰੇ ਫਿਕਰਮੰਦ ਹੈ। ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਵੱਲੋਂ ਹਾਲ ਵਿੱਚ ਪਾਸ ਕੀਤੇ ਮਤੇ ਬਾਰੇ ਉਨ੍ਹਾਂ ਕਿਹਾ ਕਿ ਇਹ ਮਤਾ ਪ੍ਰਮੁੱਖ ਲੰਬਿਤ ਮੁੱਦਿਆਂ ’ਤੇ ਧਿਆਨ ਕੇਂਦਰਿਤ ਕਰਦਾ ਹੈ ਅਤੇ ਮੰਗ ਕਰਦਾ ਹੈ ਕਿ ਅਫ਼ਗਾਨ ਖੇਤਰ ਦੀ ਵਰਤੋਂ ਦਹਿਸ਼ਤਗਰਦਾਂ ਨੂੰ ਪਨਾਹ ਦੇਣ, ਸਿਖਲਾਈ, ਯੋਜਨਾ ਅਤੇ ਅਤਿਵਾਦੀ ਗਤੀਵਿਧੀਆਂ ਨੂੰ ਫੰਡ ਦੇਣ ਲਈ ਨਾ ਕੀਤੀ ਜਾਵੇ।
ਵਿਦੇਸ਼ ਸਕੱਤਰ ਨੇ ਛੇਵੇਂ ਜੀਪੀ ਮੋਰਗਨ ‘ਭਾਰਤ ਨਿਵੇਸ਼ਕਾਰ ਸੰਮੇਲਨ’ ਦੌਰਾਨ ਸੰਬੋਧਨ ਕਰਦਿਆਂ ਕਿਹਾ,‘ ਸਾਡੇ ਗੁਆਂਢ ਦੇ ਹਾਲਾਤ, ਵਿਸ਼ੇਸ਼ ਤੌਰ ’ਤੇ ਅਫ਼ਗਾਨਿਸਤਾਨ ਵਿੱਚ ਅਤੇ ਸਾਡੀਆਂ ਪੂਰਬੀ ਸਰਹੱਦਾਂ ’ਤੇ ਚੀਨ ਨਾਲ ਸਾਡੀ ਸਥਿਤੀ ਸਾਨੂੰ ਚੇਤੇ ਕਰਵਾਉਂਦੀ ਹੈ ਕਿ ਨਵੇਂ ਹਾਲਾਤ ਕਾਰਨ ਸੁਰੱਖਿਆ ਚੁਣੌਤੀ ਬਣੀ ਹੋਈ ਹੈ। ਪੂਰਬੀ ਲੱਦਾਖ ਵਿੱਚ ਵਿਵਾਦ ਬਾਰੇ ਸ਼੍ਰਿੰਗਲਾ ਨੇ ਕਿਹਾ ਕਿ ਪਿਛਲੇ ਇਕ ਵਰ੍ਹੇ ਵਿੱਚ ਖੇਤਰ ਵਿੱਚ ਸਥਿਤੀ ਨੂੰ ਇਕਤਰਫ਼ਾ ਬਦਲਣ ਦੇ ਚੀਨੀ ਯਤਨਾਂ ਨੇ ਸਰਹੱਦੀ ਖੇਤਰਾਂ ਵਿੱਚ ਅਮਨ ਨੂੰ ਕਾਫ਼ੀ ਪ੍ਰਭਾਵਿਤ ਕੀਤਾ ਹੈ। ਭਾਰਤ-ਚੀਨ ਸਬੰਧਾਂ ਦਾ ਵਿਕਾਸ, ਤਿੰਨ ਨੁਕਤਿਆਂ, ਆਪਸੀ ਸਨਮਾਨ, ਆਪਸੀ ਸੰਵੇਦਨਸ਼ੀਲਤਾ ਅਤੇ ਆਪਸੀ ਹਿੱਤਾਂ ’ਤੇ ਨਿਰਭਰ ਕਰਦਾ ਹੈ। ਅਫ਼ਗਾਨਿਸਤਾਨ ਦੇ ਸੰਦਰਭ ਵਿੱਚ ਵਿਦੇਸ਼ ਸਕੱਤਰ ਨੇ ਕਿਹਾ ਕਿ ਨਵੀਂ ਦਿੱਲੀ, ਹਾਲੀਆ ਘਟਨਾਕ੍ਰਮ ਦੇ ਭਾਰਤ ’ਤੇ ਪੈਣ ਵਾਲੇ ਪ੍ਰਭਾਵਾਂ ਤੋਂ ਫਿਕਰਮੰਦ ਹੈ। ਉਨ੍ਹਾਂ ਕਿਹਾ,‘ਇਕ ਗੁਆਂਢੀ ਦੇ ਤੌਰ ’ਤੇ ਅਸੀਂ ਸੁਭਾਵਿਕ ਤੌਰ ’ਤੇ ਅਫ਼ਗਾਨਿਸਤਾਨ ਦੀਆਂ ਅੰਦਰੂਨੀ ਤਬਦੀਲੀਆਂ ਅਤੇ ਸਾਡੇ ਤੇ ਖੇੇਤਰ ਲਈ ਉਨ੍ਹਾਂ ਦੇ ਪ੍ਰਭਾਵ ਤੋਂ ਚਿੰਤਤ ਹਨ। -ਪੀਟੀਆਈ