ਨਵੀਂ ਦਿੱਲੀ/ਲੇਹ, 2 ਅਕਤੂਬਰ
ਭਾਰਤੀ ਫ਼ੌਜ ਦੇ ਮੁਖੀ ਜਨਰਲ ਮਨੋਜ ਮੁਕੁੰਦ ਨਰਵਾਣੇ ਨੇ ਅੱਜ ਕਿਹਾ ਕਿ ਭਾਰਤ ਤੇ ਚੀਨ 13ਵੇਂ ਗੇੜ ਦੀ ਵਾਰਤਾ ਅਕਤੂਬਰ ਦੇ ਅੱਧ ਵਿਚ ਕਰਨਗੇ ਜੋ ਕਿ ਅਸਲ ਕੰਟਰੋਲ ਰੇਖਾ ਤੋਂ ਫ਼ੌਜ ਪਿੱਛੇ ਸੱਦਣ ਉਤੇ ਕੇਂਦਰਿਤ ਹੋਵੇਗੀ। ਲੱਦਾਖ ਵਿਚ ਫ਼ੌਜ ਮੁਖੀ ਨੇ ਅੱਜ ਐਲਏਸੀ ਨੇੜੇ ਸਥਿਤ ਫ਼ੌਜੀ ਚੌਕੀਆਂ ਦਾ ਦੌਰਾ ਕੀਤਾ। ਉਨ੍ਹਾਂ ਇਸ ਮੌਕੇ ਰੱਖਿਆ ਸਾਜ਼ੋ-ਸਾਮਾਨ ਤੇ ਫ਼ੌਜ ਦੀ ਤਿਆਰੀ ਦਾ ਜਾਇਜ਼ਾ ਲਿਆ। ਮੀਡੀਆ ਨਾਲ ਗੱਲਬਾਤ ਕਰਦਿਆਂ ਜਨਰਲ ਨਰਵਾਣੇ ਨੇ ਕਿਹਾ ਕਿ ਐਲਏਸੀ ਦੇ ਨਾਲ ਫ਼ੌਜ ਦੀ ਵੱਡੀ ਗਿਣਤੀ ਵਿਚ ਤਾਇਨਾਤੀ ਚਿੰਤਾ ਦਾ ਵਿਸ਼ਾ ਹੈ। ਜ਼ਿਕਰਯੋਗ ਹੈ ਕਿ ਸਰਦੀਆਂ ਵਿਚ ਇਸ ਖੇਤਰ ਵਿਚ ਕਠੋਰ ਠੰਢ ਪੈਂਦੀ ਹੈ ਤੇ ਸੈਨਿਕਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਹਾਲਾਂਕਿ ਸੈਨਾ ਮੁਖੀ ਨੇ ਨਾਲ ਹੀ ਕਿਹਾ ਕਿ ਸੰਵਾਦ ਰਾਹੀਂ ਹੀ ਫ਼ੌਜਾਂ ਪਿੱਛੇ ਮੁੜਨਗੀਆਂ। ਲੱਦਾਖ ਦੇ ਦੋ ਰੋਜ਼ਾ ਦੌਰਾ ਉਤੇ ਆਏ ਨਰਵਾਣੇ ਨੇ ਕਈ ਸੀਨੀਅਰ ਅਧਿਕਾਰੀਆਂ ਨਾਲ ਵੀ ਮੁਲਾਕਾਤ ਕੀਤੀ। ਮਹਾਤਮਾ ਗਾਂਧੀ ਦੇ 152ਵੇਂ ਜਨਮ ਦਿਨ ਮੌਕੇ ਲੇਹ ਵਿਚ ‘ਖ਼ਾਦੀ ਦਾ ਤਿਰੰਗਾ’ ਲਾਇਆ ਗਿਆ ਹੈ। ਇਸ ਮੌਕੇ ਕੀਤੇ ਗਏ ਸਮਾਗਮ ਵਿਚ ਵੀ ਜਨਰਲ ਨਰਵਾਣੇ ਨੇ ਸ਼ਿਰਕਤ ਕੀਤੀ। ਲੱਦਾਖ ਦੇ ਉਪ ਰਾਜਪਾਲ ਆਰ.ਕੇ. ਮਾਥੁਰ ਵੀ ਇਸ ਮੌਕੇ ਹਾਜ਼ਰ ਸਨ। ਖ਼ਾਦੀ ਦਾ ਤਿਰੰਗਾ 225 ਫੁੱਟ ਲੰਮਾ ਤੇ 150 ਫੁੱਟ ਚੌੜਾ ਹੈ। ਇਸ ਦਾ ਭਾਰ ਹਜ਼ਾਰ ਕਿਲੋਗ੍ਰਾਮ ਹੈ। ਇਹ ਆਪਣੀ ਤਰ੍ਹਾਂ ਦਾ ਵਿਸ਼ਵ ਦਾ ਸਭ ਤੋਂ ਵੱਡਾ ਤਿਰੰਗਾ ਹੈ। ਜਰਨਲ ਨੇ ਸੈਨਿਕਾਂ ਨਾਲ ਵੀ ਮੁਲਾਕਾਤ ਕੀਤੀ ਤੇ ਉਨ੍ਹਾਂ ਦਾ ਹੌਸਲਾ ਵਧਾਇਆ। ਜ਼ਿਕਰਯੋਗ ਹੈ ਕਿ ਭਾਰਤ ਤੇ ਚੀਨ ਪਿਛਲੇ 16 ਮਹੀਨਿਆਂ ਤੋਂ ਸਰਹੱਦੀ ਵਿਵਾਦ ਕਾਰਨ ਇਕ-ਦੂਜੇ ਨਾਲ ਉਲਝੇ ਹੋਏ ਹਨ। ਹੁਣ ਤੱਕ ਬਾਰਾਂ ਵਾਰ ਫ਼ੌਜੀ ਕਮਾਂਡਰ ਪੱਧਰ ਦੀ ਗੱਲਬਾਤ ਹੋ ਚੁੱਕੀ ਹੈ। -ਆਈਏਐਨਐੱਸ