ਨਵੀਂ ਦਿੱਲੀ, 20 ਮਈ
ਵਿਦੇਸ਼ ਮੰਤਰੀ ਐੱਸ.ਜੈਸ਼ੰਕਰ ਨੇ ਅੱਜ ਭਾਰਤ-ਚੀਨ ਦੀ ਗੱਲ ਕਰਦਿਆਂ ਕਿਹਾ ਕਿ ਦੋਵੇਂ ਮੁਲਕਾਂ ਦੇ ਰਿਸ਼ਤੇ ਚੁਰਾਹੇ ’ਤੇ ਖੜ੍ਹੇ ਹਨ, ਜਿਸ ਦੀ ਦਿਸ਼ਾ ਇਸ ਗੱਲ ’ਤੇ ਮੁਨੱਸਰ ਕਰਦੀ ਹੈ ਕਿ ਕੀ ਗੁਆਂਢੀ ਮੁਲਕ ਸਰਹੱਦ ਦੇ ਨਾਲ ਅਮਨ ਤੇ ਸ਼ਾਂਤੀ ਦੀ ਸਥਾਪਨਾ ਬਾਰੇ ਕੀਤੇ ਵੱਖ ਵੱਖ ਕਰਾਰਾਂ ਦੀ ਪਾਲਣਾ ਲਈ ਦ੍ਰਿੜ੍ਹ ਹੈ ਜਾਂ ਨਹੀਂ। ਜੈਸ਼ੰਕਰ ਪੂਰਬੀ ਲੱਦਾਖ ਵਿੱਚ ਦੋਵਾਂ ਮੁਲਕਾਂ ਵਿੱਚ ਬਣੇ ਜਮੂਦ ਦੇ ਹਵਾਲੇ ਨਾਲ ਗੱਲ ਕਰ ਰਹੇ ਸਨ। ਉਨ੍ਹਾਂ ਕਿਹਾ, ‘‘ਪਿਛਲੇ ਸਾਲ ਇਕ ਗੱਲ ਤਾਂ ਬਿਲਕੁਲ ਸਾਫ਼ ਸੀ ਕਿ ਸਰਹੱਦ ’ਤੇ ਤਲਖ ਕਲਾਮੀ ਅਤੇ ਹੋਰਨਾਂ ਖੇਤਰਾਂ ਵਿੱਚ ਸਹਿਯੋਗ/ਤਾਲਮੇਲ ਨਾਲੋ-ਨਾਲ ਨਹੀਂ ਚਲ ਸਕਦੇ।’’ ਚੀਨ ਵੱਲੋਂ ਖਿੱਤੇ ਵਿੱਚ ਆਧਾਰ ਵਧਾਉਣ ਲਈ ਪੈਰ ਪਸਾਰਨ ਦੀਆਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਤੇ ਦੋਵਾਂ ਮੁਲਕਾਂ ਦਰਮਿਆਨ ਮੁਕਾਬਲੇਬਾਜ਼ੀ ਬਾਰੇ ਪੁੱਛੇ ਜਾਣ ’ਤੇ ਜੈਸ਼ੰਕਰ ਨੇ ਕਿਹਾ ਕਿ ਭਾਰਤ ਹਰ ਮੁਕਾਬਲੇ ਲਈ ਤਿਆਰ ਹੈ ਤੇ ਇਸ ਦੀ ਆਪਣੀ ਸੁਭਾਵਿਕ ਤਾਕਤ ਤੇ ਅਸਰ ਰਸੂਖ ਹੈ, ਜੋ ਇਕ ਪਾਸੇ ਭਾਰਤ -ਪ੍ਰਸ਼ਾਂਤ ਖਿੱਤੇ ਵਿੱਚ ਅਤੇ ਦੂਜੇ ਪਾਸਿਓਂ ਅਫ਼ਰੀਕਾ ਤੇ ਯੂਰੋਪ ਵਿੱਚ ਕਾਇਮ ਹੈ।’’
ਜੈਸ਼ੰਕਰ ਨੇ ਕਿਹਾ ਕਿ ਤੱਤਕਾਲੀਨ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੇ 1962 ਦੀ ਭਾਰਤ-ਚੀਨ ਜੰਗ ਮਗਰੋਂ ਸਾਲ 1988 ਵਿੱਚ 26 ਸਾਲਾਂ ਮਗਰੋਂ ਚੀਨ ਦਾ ਦੌਰਾ ਕੀਤਾ ਸੀ। ਇਸ ਫੇਰੀ ਦੌਰਾਨ ਦੋਵਾਂ ਧਿਰਾਂ ਨੇ ਸਰਹੱਦਾਂ ’ਤੇ ਸਥਿਰਤਾ ਦੀ ਕਾਇਮੀ ਲਈ ਸਹਿਮਤੀ ਦਿੱਤੀ ਸੀ। ਮਗਰੋਂ ਭਾਰਤ-ਚੀਨ ਸਰਹੱਦ ’ਤੇ ਅਮਨ ਤੇ ਸ਼ਾਂਤੀ ਬਣਾਈ ਰੱਖਣ ਲਈ ਸਾਲ 1993 ਤੇ 1996 ਵਿੱਚ ਦੋ ਅਹਿਮ ਕਰਾਰ ਸਹੀਬੰਦ ਹੋਏ। ‘ਫਾਇਨਾਂਸ਼ੀਅਲ ਟਾਈਮਜ਼’ ਤੇ ‘ਇੰਡੀਅਨ ਐਕਸਪ੍ਰੈੱਸ’ ਵੱਲੋਂ ਸਾਂਝੇ ਰੂਪ ਵਿੱਚ ਕਰਵਾਏ ਵੈਬਿਨਾਰ ਨੂੰ ਸੰਬੋਧਨ ਕਰਦਿਆਂ ਜੈਸ਼ੰਕਰ ਨੇ ਕਿਹਾ ਕਿ ਸਰਹੱਦ ’ਤੇ ਕਸ਼ੀਦਗੀ ਘਟਣ ਤੇ ਸਥਿਰਤਾ ਆਉਣ ਨਾਲ ਕਈ ਖੇਤਰਾਂ ਵਿੱਚ ਦੋਵਾਂ ਮੁਲਕਾਂ ਦੇ ਰਿਸ਼ਤਿਆਂ ਦਾ ਘੇਰਾ ਵਧਿਆ, ਪਰ ਪੂਰਬੀ ਲੱਦਾਖ ਵਿੱਚ ਜੋ ਕੁਝ ਹੋਇਆ ਉਸ ਨੇ ਸਬੰਧਾਂ ਨੂੰ ਅਸਰਅੰਦਾਜ਼ ਕੀਤਾ। ਉਧਰ ਵਿਦੇਸ਼ ਮੰਤਰਾਲੇ ਦੇ ਤਰਜਮਾਨ ਅਰਿੰਦਮ ਬਾਗਚੀ ਨੇ ਕਿਹਾ ਕਿ ਸਰਹੱਦੀ ਖੇਤਰਾਂ ਵਿੱਚ ਅਮਨ ਤੇ ਸ਼ਾਂਤੀ ਦੀ ਮੁਕੰਮਲ ਬਹਾਲੀ ਨਾਲ ਹੀ ਦੁਵੱਲੇ ਰਿਸ਼ਤੇ ਅੱਗੇ ਵਧਣਗੇ। -ਪੀਟੀਆਈ
‘ਮੁਸ਼ਕਲ ਹਾਲਾਤ ’ਚੋਂ ਲੰਘ ਰਿਹੈ ਭਾਰਤ’
ਵਿਦੇਸ਼ ਮੰਤਰੀ ਐੱਸ.ਜੈਸ਼ੰਕਰ ਨੇ ਅੱਜ ਕਿਹਾ ਕਿ ਉਨ੍ਹਾਂ ਆਪਣੇ ਜੀਵਨ ਦੌਰਾਨ ਬਹੁਤ ਕੁਝ ਵੇਖਿਆ ਹੈ, ਪਰ ਇਨ੍ਹਾਂ ਵਿੱਚੋਂ ਸ਼ਾਇਦ ਕਰੋਨਾ ਮਹਾਮਾਰੀ ਸਭ ਤੋਂ ਗੰਭੀਰ ਸੀ। ਉਨ੍ਹਾਂ ਕਿਹਾ ਕਿ ਇਸ ਮਹਾਮਾਰੀ ਨੂੰ ਇਕ ਸੰਜੋਗੀ ਘਟਨਾ ਵਜੋਂ ਨਹੀਂ ਬਲਕਿ ਚੁਣੌਤੀ ਵਜੋਂ ਵੇਖਿਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਖਾਸ ਕਰਕੇ ਭਾਰਤ ਕਾਫ਼ੀ ਮੁਸ਼ਕਲ ਹਾਲਾਤ ’ਚੋਂ ਲੰਘ ਰਿਹੈ। ਵਿਦੇਸ਼ ਮੰਤਰੀ ਇਥੇ ਨਿਕੀ ਵੱਲੋਂ ‘ਏਸ਼ੀਆ ਦਾ ਭਵਿੱਖ’ ਵਿਸ਼ੇ ’ਤੇ ਵਿਉਂਤੀ ਕਾਨਫਰੰਸ ਨੂੰ ਵਰਚੁਅਲੀ ਸੰਬੋਧਨ ਕਰ ਰਹੇ ਸਨ। ਸ੍ਰੀ ਜੈਸ਼ੰਕਰ ਨੇ ਕਿਹਾ ਕਿ ਮਹਾਮਾਰੀ ਦੇ ਸੁਭਾਅ ਨੇ ਵਿਸ਼ਵਾਸ ਤੇ ਪਾਰਦਰਸ਼ਤਾ ਬਾਬਤ ਚਿੰਤਾਵਾਂ ਨੂੰ ਵੀ ਸਾਹਮਣੇ ਲਿਆਂਦਾ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਅਸਪਸ਼ਟਤਾ ਨੂੰ ਹੋਰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ, ਕਿਉਂਕਿ ਬਾਕੀ ਬਚਦੇ ਕੁੱਲ ਆਲਮ ਨੂੰ ਹਕੀਕੀ ਰੂਪ ਵਿੱਚ ਅੜਚਨਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਉਨ੍ਹਾਂ ਕਿਹਾ ਕਿ ਭਾਰਤ, ਜਪਾਨ ਤੇ ਆਸਟਰੇਲੀਆ ਮਿਲ ਕੇ ਸਪਲਾਈ ਚੇਨ ਪਹਿਲਕਦਮੀ ’ਤੇ ਕੰਮ ਕਰ ਰਹੇ ਹਨ। ਉਨ੍ਹਾਂ ਅਸਰਦਾਰ ਭਾਈਵਾਲੀ ਰਾਹੀਂ ਆਲਮੀ ਅਰਥਚਾਰੇ ਨੂੰ ਜੋਖ਼ਮ ਰਹਿਤ ਤੇ ਮਜ਼ਬੂਤ ਬਣਾਉਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਕੁੱਲ ਆਲਮ ਦੀਆਂ ਸਿਹਤ ਤੇ ਹੋਰ ਮੈਡੀਕਲ ਲੋੜਾਂ ਨੂੰ ਪੂਰਾ ਕਰਨ ਲਈ ਪ੍ਰੌੜ ਪਛਾਣ ਦੀ ਲੋੜ ਹੈ। ਉਨ੍ਹਾਂ ਕਿਹਾ, ‘‘ਅਸੀਂ, ਭਾਰਤ ਵਿੱਚ ਕਾਫ਼ੀ ਮੁਸ਼ਕਲ ਹਾਲਾਤ ’ਚੋਂ ਲੰਘ ਰਹੇ ਹਾਂ। ਅਸੀਂ ਇਸ ਗੱਲ ਨੂੰ ਭਲੀਭਾਂਤ ਸਮਝਦੇ ਹਾਂ ਕਿ ਕੁੱਲ ਆਲਮ ਦਾ ਸਾਰਾ ਧਿਆਨ ਮੁੱਖ ਤੌਰ ’ਤੇ ਸਰਕਾਰੀ ਸਿਹਤ ਪ੍ਰਬੰਧ ਵੱਲ ਕੇਂਦਰਿਤ ਹੈ।’ -ਪੀਟੀਆਈ