ਸੰਦੀਪ ਦੀਕਸ਼ਿਤ
ਨਵੀਂ ਦਿੱਲੀ, 25 ਜੂਨ
ਤਿੰਨ ਮਹੀਨਿਆਂ ਤੋਂ ਵੱਧ ਸਮੇਂ ਬਾਅਦ ਅੱਜ ਭਾਰਤ-ਚੀਨ ਸਰਹੱਦੀ ਮਾਮਲਿਆਂ ਬਾਰੇ ਸਲਾਹ ਤੇ ਤਾਲਮੇਲ ਲਈ ਕੰਮ ਕਰਨ ਦੀ ਵਿਧੀ (ਡਬਲਿਊਐੱਮਸੀਸੀ) ਸਬੰਧੀ 22ਵੀਂ ਮੀਟਿੰਗ ਹੋਈ। ਇਸ ਮੀਟਿੰਗ ਵਿਚ ਪੂਰਬੀ ਲੱਦਾਖ ’ਚ ਸਰਹੱਦੀ ਖੇਤਰ ਵਿੱਚ ਕਿਸੇ ਵੀ ਤਰ੍ਹਾਂ ਦੀਆਂ ਅਣਸੁਖਾਵੀਂ ਘਟਨਾਵਾਂ ਨੂੰ ਰੋਕਣ ਲਈ ਜ਼ਮੀਨੀ ਪੱਧਰ ’ਤੇ ਸਥਿਰਤਾ ਕਾਇਮ ਰੱਖਣ ਦਾ ਫ਼ੈਸਲਾ ਲਿਆ ਗਿਆ। ਵਿਦੇਸ਼ ਮੰਤਰਾਲੇ ਦੇ ਇਕ ਪ੍ਰੈੱਸ ਰਿਲੀਜ਼ ਮੁਤਾਬਕ ਮੌਜੂਦਾ ਦੁਵੱਲੇ ਸਮਝੌਤਿਆਂ ਤੇ ਨੇਮਾਂ ਮੁਤਾਬਕ ਪੱਛਮੀ ਖੇਤਰ ਵਿਚ ਅਸਲ ਕੰਟਰੋਲ ਰੇਖਾ ਦੇ ਨਾਲ ਲੱਗਦੀਆਂ ਟਕਰਾਅ ਵਾਲੀਆਂ ਸਾਰੀਆਂ ਥਾਵਾਂ ਤੋਂ ਫ਼ੌਜਾਂ ਨੂੰ ਪੂਰੀ ਤਰ੍ਹਾਂ ਹਟਾਉਣ ਦੇ ਟੀਚੇ ਨੂੰ ਪੂਰਾ ਕਰਨ ਲਈ ਸੀਨੀਅਰ ਕਮਾਂਡਰਾਂ ਦੀ ਅਗਲੇ (12ਵੇਂ) ਗੇੜ ਦੀ ਗੱਲਬਾਤ ਸਬੰਧੀ ਮੀਟਿੰਗ ਜਲਦੀ ਤੋਂ ਜਲਦੀ ਕਰਨ ਲਈ ਦੋਵੇਂ ਦੇਸ਼ਾਂ ਨੇ ਹਾਮੀ ਭਰੀ। ਇਸ ਦੌਰਾਨ ਭਾਰਤ-ਚੀਨ ਸਰਹੱਦ ਦੇ ਪੱਛਮੀ ਖੇਤਰ ’ਚ ਅਸਲ ਕੰਟਰੋਲ ਰੇਖਾ ਦੇ ਨਾਲ ਹਾਲਾਤ ਬਾਰੇ ਖੁੱਲ੍ਹ ਕੇ ਗੱਲਬਾਤ ਹੋਈ। ਸਤੰਬਰ 2020 ਵਿਚ ਦੋਹਾਂ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਵਿਚਾਲੇ ਹੋਏ ਸਮਝੌਤੇ ਦੇ ਮੱਦੇਨਜ਼ਰ ਬਾਕੀ ਰਹਿੰਦੇ ਮਸਲਿਆਂ ਦਾ ਹੱਲ ਜਲਦੀ ਤੋਂ ਜਲਦੀ ਲੱਭਣ ਦਾ ਫ਼ੈਸਲਾ ਵੀ ਲਿਆ ਗਿਆ। ਵਿਦੇਸ਼ ਮੰਤਰਾਲੇ ਦੇ ਪ੍ਰੈੱਸ ਬਿਆਨ ਅਨੁਸਾਰ ਦੁਵੱਲੇ ਸਬੰਧ ਸੁਧਾਰਨ ਲਈ ਪੂਰਨ ਅਮਨ-ਸ਼ਾਂਤੀ ਯਕੀਨੀ ਬਣਾਉਣੀ ਜ਼ਰੂਰੀ ਹੈ ਤੇ ਇਸ ਵਾਸਤੇ ਟਕਰਾਅ ਵਾਲੀਆਂ ਸਾਰੀਆਂ ਥਾਵਾਂ ਤੋਂ ਫ਼ੌਜਾਂ ਨੂੰ ਪੂਰੀ ਤਰ੍ਹਾਂ ਹਟਾਉਣਾ ਪੈਣਾ ਹੈ। ਇਸ ਲਈ ਇਕ ਅਜਿਹਾ ਹੱਲ ਕੱਢਣ ਦੀ ਲੋੜ ਹੈ ਜੋ ਕਿ ਦੋਹਾਂ ਦੇਸ਼ਾਂ ਨੂੰ ਮਨਜ਼ੂਰ ਹੋਵੇ। ਇਨ੍ਹਾਂ ਸਾਰੀਆਂ ਲੋੜਾਂ ਨੂੰ ਪੂਰਾ ਕਰਨ ਵਾਸਤੇ ਕੂਟਨੀਤਕ ਤੇ ਫ਼ੌਜ ਰਾਹੀਂ ਗੱਲਬਾਤ ਤੇ ਸੰਚਾਰ ਕਾਇਮ ਕਰਨ ਦਾ ਫ਼ੈਸਲਾ ਦੋਹਾਂ ਧਿਰਾਂ ਵੱਲੋਂ ਲਿਆ ਗਿਆ। ਦੋਹਾਂ ਦੇਸ਼ਾਂ ਵੱਲੋਂ ਜ਼ਮੀਨੀ ਪੱਧਰ ’ਤੇ ਸਥਿਰਤਾ ਯਕੀਨੀ ਬਣਾਉਣ ਅਤੇ ਕਿਸੇ ਵੀ ਤਰ੍ਹਾਂ ਦੀਆਂ ਅਣਸੁਖਾਵੀਂ ਘਟਨਾਵਾਂ ਨੂੰ ਰੋਕਣ ਲਈ ਵੀ ਹਾਮੀ ਭਰੀ ਗਈ। ਭਾਰਤੀ ਵਫ਼ਦ ਦੀ ਅਗਵਾਈ ਵਿਦੇਸ਼ ਮੰਤਰਾਲੇ ਦੇ ਵਧੀਕ ਸਕੱਤਰ (ਪੂਰਬੀ ਏਸ਼ੀਆ) ਵੱਲੋਂ ਕੀਤੀ ਗਈ ਜਦਕਿ ਚੀਨੀ ਵਫ਼ਦ ਦੀ ਅਗਵਾਈ ਚੀਨ ਦੇ ਵਿਦੇਸ਼ ਮੰਤਰਾਲੇ ਦੇ ਸੀਮਾ ਤੇ ਸਮੁੰਦਰੀ ਵਿਭਾਗ ਦੇ ਡਾਇਰੈਕਟਰ ਜਨਰਲ ਨੇ ਕੀਤੀ।